ਜ਼ੁਲਮਤ ਸਮਝਾਂ ਰਾਤ ਹਨੇਰੀ ਤੇਰਾ ਨੂਰ ਸਵੇਰਾ ਸਮਝਾਂ
ਚਾਨਣ ਨੂੰ ਪੈਗ਼ੰਬਰ ਆਖਾਂ ਤੇ ਇਬਲੀਸ ਹਨੇਰਾ ਸਮਝਾਂ

ਧਰਤੀ, ਚਸ਼ਮੇ, ਨਦੀਆਂ, ਨਾਲੇ, ਅੰਬਰ, ਸੂਰਜ, ਚੰਦ, ਸਿਤਾਰੇ,
ਤੇਰੀ ਹਿਕਮਤ-ਏ-ਅਮਲੀ ਗੁਰਦੇ ਇਲਮ ਤੇਰੇ ਦਾ ਘੇਰਾ ਸਮਝਾਂ

ਨਜ਼ਰ ਕਿਤੇ ਜੇ ਆਵੇ ਮਸਜਿਦ ਦੱਸੇ ਜੇ ਕਰ ਕਿਧਰੇ ਮੰਦਰ,
ਉਹ ਵੀ ਤੇਰਾ ਡੇਰਾ ਸਮਝਾਂ, ਇਹ ਵੀ ਤੇਰਾ ਡੇਰਾ ਸਮਝਾਂ

ਮਿਲਣਾ-ਗਲ਼ਨਾ ਹਾਸੇ ਖ਼ੁਸ਼ੀਆਂ ਦਰਦ ਵਿਛੋੜੇ ਰੋਣੇ ਧੋਣੇ,
ਗ਼ਮ ਦਿਲ ਦਾ ਵੀ ਤੇਰਾ ਜਾਨਾਂ, ਚਾਅ ਦਿਲ ਦਾ ਵੀ ਤੇਰਾ ਸਮਝਾਂ

ਦੱਸੇ ਤੇਰੀਆਂ ਪਹੁੰਚਾਂ ਤੀਕਰ ਪਹੁੰਚ ਖ਼ਿਆਲ ਮੇਰੇ ਦੀ ਮੈਨੂੰ,
ਅਰਸ਼ ਤੇਰੇ ਦੇ ਜਿੰਨਾ ਉੱਚਾ ਦਿਲ ਦਾ ਬਣ-ਬਨੇਰਾ ਸਮਝਾਂ

ਮੇਰੇ ਸੁਣੇ ਤੇਰੀ ਵਿਚ ਦੁਨੀਆ ਦੱਸੇ ਕੁੱਝ ਨਾ ਮੈਨੂੰ ਮੇਰਾ,
ਤੈਨੂੰ ਚਾਰ ਚੁਫੇਰੇ ਦੇਖਾਂ ਤੇਰਾ ਚਾਰ ਚੁਫ਼ੇਰਾ ਸਮਝਾਂ

ਚੜ੍ਹਿਆ ਸਿਰੇ ਸ਼ਿਕਾਰ ਕਿਸੇ ਦੇ ਦੱਸੇ ਜਦੋਂ ਸ਼ਿਕਾਰੀ ਕੋਈ,
ਇੰਨੇ ਦੇ ਹੱਥਾਂ ਵਿਚ ਆਇਆ ਮੈਂ ਤਕਦੀਰ ਬਟੇਰਾ ਸਮਝਾਂ

ਸਿਰ ਮੱਦੀ, ਮਨਸੂਰੀ ਸੂਲ਼ੀ ਵਗਦੀ ਭਾਂਬੜ ਨੇ ਗੁਲਜ਼ਾਰਾਂ,
ਦੁੱਖ ਘਣੇਰਾ ਦੱਸੇ ਜਿਥੇ ਉਥੇ ਸੁੱਖ ਘਣੇਰਾ ਸਮਝਾਂ

ਸ਼ਾਹ ਰੋਗ ਤੋਂ ਵੀ ਨੇੜੇ ਹੋ ਕੇ ਪੂਰੇ-ਪਰੇਰੇ ਦੂਰੀ ਤੇਰੀ,
ਸਮਝ ਤੇਰੀ ਨਾ ਅਵੇ ਕੁੱਝ ਵੀ ਸੋਚਾਂ ਬੜਾ ਬਥੇਰਾ ਸਮਝਾਂ

ਦਿਸਦੀ ਏ ਸੱਚੀ ਵਡਿਆਈ ਦੁਨੀਆ ਤੇ ਤੇਰੀ ਵਡਿਆਈ,
ਘੱਟ ਨਾ ਦੱਸੇ ਉਹੋ ਫ਼ਿਰਨੋਂ ਜਿਹਨੂੰ ਜ਼ਰਾ ਵਡੇਰਾ ਸਮਝਾਂ

ਰੋਜ਼ ਅੱਖਾਂ ਨੂੰ ਕਿੰਨੀ ਵਾਰੀ ਮੈਂ ਇਥੇ ਸ਼ਰਮਾਉਂਦਾ ਵੇਖਾਂ,
ਦਿਲ ਨੂੰ ਰੋਜ਼ ਈ ਕਿੰਨੀ ਵਾਰੀ ਹੁੰਦਾ ਬੀਰਾ ਬੀਰਾ ਸਮਝਾਂ

ਹੀਰ 'ਫ਼ਕੀਰ' ਵਿਹਾਜੀ ਨਾ ਕੋਈ ਨਾ ਮੈਂ ਰਾਂਝਾ ਜੋਗੀ ਬਣਿਆ,
ਕੀਕਣ ਰੰਗ ਪੁਰ ਦਾ ਇਹ ਫੇਰਾ ਜੋਗੀ ਵਾਲਾ ਫੇਰਾ ਸਮਝਾਂ