ਜਦੋਂ ਕੀਤੀਆਂ ਸਿਫ਼ਤਾਂ ਮੈਂ ਵਿਚ ਵਹਿਸ਼ਤ

ਜਦੋਂ ਕੀਤੀਆਂ ਸਿਫ਼ਤਾਂ ਮੈਂ ਵਿਚ ਵਹਿਸ਼ਤ
ਤੇਰੀਆਂ ਮਸਤ ਚਸ਼ਮਾਂ ਬੇਮਿਸਾਲਾਂ ਦੀਆਂ
ਜੰਗਲ਼ ਵਿਚ ਸ਼ਰਮੋਂ ਸਿਰ ਸੁੱਟ ਨੀਵੀਂ
ਆਈਆਂ ਟੋਲੀਆਂ ਵਿਚ ਗ਼ਜ਼ਾਲਾਂ ਦੀਆਂ

ਰਹੀ ਕਦਰ ਯਾਕੂਤ ਮਰ ਜਾਣ ਦੀ ਨਾ
ਤੇਰੀਆਂ ਲਬਾਂ ਦੇ ਯਾਰ ਮੁਕਾਬਲੇ ਤੇ
ਘਟੀਆ ਵਿਕਰੀ ਨਾ ਰਹੀਆਂ ਕੀਮਤਾਂ ਉਹ
ਦੁਨੀਆ ਵਿਚ ਬਦਖ਼ਸ਼ਾਂ ਦੇ ਵਾਲਾਂ ਦੀਆਂ

ਮਾਲਦਾਰ ਬਦਖ਼ਸ਼ਾਂ ਦੇ ਰਹਿਣ ਵਾਲੇ
ਅਤੇ ਯਮਨ ਦੇ ਮੁਲਕ ਦੇ ਕੁੱਲ ਜੌਹਰੀ
ਤੇਰੇ ਹਾਲ ਸੁਨਹਿਰੀ ਨੂੰ ਵੇਖ ਕੇ ਤੇ
ਮਾਰਨ ਸ਼ੇਖ਼ੀਆਂ ਨਾ ਜ਼ਰਾਂ ਮਾਲਾਂ ਦੀਆਂ

ਤੇਰੀਆਂ ਗੋਹੜੀਆਂ ਨੈਣਾਂ ਦੇ ਵਿਚ ਜਾਣੀ
ਡੋਰੇ ਲਾਲ਼ ਨੇ ਸਾਡੀਆਂ ਮਸਤੀਆਂ ਦੇ
ਕਿਸੇ ਆਸ਼ਿਕ ਦੇ ਦਿਲ ਨੂੰ ਫਸਾਨ ਦੇ ਲਈ
ਤਣੀਆਂ ਕਿੱਸਿਆਂ ਨੇ ਖ਼ੂਨੀ ਜਾਲਾਂ ਦੀਆਂ

ਜਿਹੀਆਂ ਮੋਰਚੇ-ਬੰਦਿਆਂ ਕੀਤੀਆਂ ਨੇ
ਰੁੱਖ ਤੀਕ ਨਾਂ ਜ਼ੁਲਫ਼ਾਂ ਨੂੰ ਆਉਣ ਦੇਵੇ
ਯਾਰ ਮੁਲਕ ਤਾਤਾਰ ਦੇ ਫ਼ੌਜੀਆਂ ਨੇ
ਜੱਟਾਂ ਬੰਨ੍ਹਿਆਂ ਨੇ ਤੇਰੇ ਖ਼ਾਲਾਂ ਦੀਆਂ

ਹੋਵਣ ਨਾ ਮਜਬੂਰ ਮਨਸੂਰ ਵਾਂਗੂੰ
ਸ਼ੌਕ ਨਾਲ਼ ਜਾ ਕੇ ਚੜ੍ਹਨ ਆਪ ਸੂਲ਼ੀ
ਨਜ਼ਰ ਬਾਜ਼ ਆਸ਼ਿਕ ਜੇ ਕਰ ਵੇਖ ਜਾਵਣ
ਨੋਕਾਂ ਤੇਰੀਆਂ ਪਲਕਾਂ ਦੇ ਵਾਲਾਂ ਦੀਆਂ

ਕਰੇ ਕਿਵੇਂ ਜ਼ਲੈਖ਼ਾ ਨਾ ਰਸ਼ਕ ਯਾਰੋ
ਇਸ਼ਕ ਵਿਚ ਮੇਰੀ ਹਾਲਤ ਵੇਖ ਕੇ ਤੇ
ਉਹਦੇ ਸਾਮ੍ਹਣੇ ਨੀਵੀਆਂ ਰਹਿੰਦੀਆਂ ਨੇ
ਸ਼ੌਕ ਅੱਖੀਆਂ ਯੂਸੁਫ਼ ਜਮਾਲਾਂ ਦੀਆਂ

ਮੱਥਾ, ਰੁਖ਼, ਵੀਣੀ, ਜ਼ੁਲਫ਼, ਖ਼ਾਲ, ਠੋਡੀ
ਇਹ ਬੀਮਸਲ ਮੇਰੇ ਬੇਮਿਸਾਲ ਦੇ ਨੇ
ਜੇ ਕਰ ਦੋਵਾਂ ਵੀ ਤੇ ਕਾਹਦੇ ਨਾਲ਼ ਦੇਵਾਂ
ਮੈਂ ਮਿਸਾਲਾਂ ਯਾਰੋ ਬੇਮਿਸਾਲਾਂ ਦੀਆਂ

ਰਸ਼ਕੇ ਖ਼ਿਜ਼ਰ ਸਿਕੰਦਰ ਦੇ ਨਾਲ਼ ਮੇਰੀਆਂ
ਪ੍ਰੇਸ਼ਾਨੀਆਂ ਦੀ ਕੋਈ ਹੱਦ ਨਾਹੀਂ
ਤੇਰੀ ਜ਼ੁਲਫ਼ ਦੀ ਯਾਦ ਵਿਚ ਮੁੱਕਦੀਆਂ ਨਹੀਂ
ਰਾਤਾਂ ਲੰਬੀਆਂ ਖਾਣ ਜੰਜਾਲਾਂ ਦੀਆਂ

ਮੱਥਾ ਵੱਟ ਕੇ ਐਵੇਂ ਬੇਮਤਲਬ ਹੀ ਤੂੰ
ਗੱਲ ਗੱਲ ਉੱਤੇ ਰਿਟਾ ਪਾ ਬਹਨੇ
ਦਸ ਯਾਰ ਮੈਂ ਕਿਸ ਤਰ੍ਹਾਂ ਸਮਝਾਂ ਤੈਨੂੰ
ਤੇਰੀਆਂ ਆਦਤਾਂ ਨੇ ਬਿਲਕੁਲ ਬਾਲਾਂ ਦੀਆਂ

ਕਦਰ ਫੁੱਲਾਂ ਦੀ ਹੁੰਦੀ ਏ ਬੁਲਬੁਲਾਂ ਨੂੰ
ਜੌਹਰੀ ਪੁਰਖ ਜਵਾਹਰਾਂ ਦੀ ਜਾਂਦੇ ਨੇ
ਇਹ 'ਫ਼ਕੀਰ' ਭਲਾ ਕਦਰਾਂ ਹੋਣ ਕਿਉਂ ਨਾ
ਕਦਰਦਾਨਾਂ ਨੂੰ ਮੇਰੇ ਖ਼ਿਆਲਾਂ ਦੀਆਂ