ਲੋਕੀ ਵਿਚਾਰੇ ਫਿਰਦੇ ਡਾਵਾਂ ਡੋਲ ਨੇਂ

ਲੋਕੀ ਵਿਚਾਰੇ ਫਿਰਦੇ ਡਾਵਾਂ ਡੋਲ ਨੇਂ
ਡਾਢੇ ਰੱਖਦੇ ਅੱਖਾਂ ਵਿਚ ਕਚਕੌਲ ਨੇਂ

ਪਿੱਤਲ ਸੋਨੇ ਦੀ ਵੰਡ ਮੁੱਕਦੀ ਜਾਂਦੀ ਏ
ਅੰਦਰੋਂ ਖੋਟੇ ਕਿਤਨੇ ਮਿੱਠੇ ਬੋਲ ਨੇਂ

ਸੱਜਣਾਂ ਦਾ ਲਹੂ ਕਿਹੜੇ ਰੰਗ ਵਿਚ ਫਟ ਗਿਆ
ਦਿਲ ਦੇ ਘਰ ਤੋਂ ਦੂਰ ਤੇ ਵਸਦੇ ਕੋਲ਼ ਨੇਂ

ਬੰਦੇ ਇੰਨੇ ਕੀਤੇ ਮੁੱਕਰ ਫ਼ਰੇਬਾਂ ਨੇਂ
ਨੇਕਿਓਂ ਦੂਰ ਤੇ ਬਦੀਆਂ ਵਿਚ ਨਿਰੋਲ ਨੇਂ

ਇਕੇ ਰੱਬ ਦੀ ਬੰਦਗੀ ਕਰਨੀ ਚਾਹੀਦੀ
ਇਕ ਮਸੀਤ ਨਮਾਜ਼ ਦੇ ਵੱਖਰੇ ਬੋਲ ਨੇਂ

ਇੱਜ਼ਤ ਦੀ ਸੁਰ ਜੇ ਨਹੀਂ ਪਿਆਰ ਦੇ ਸਾਜ਼ਾਂ ਨਾਲ਼
ਦੂਰੋਂ ਸ਼ੌਕਤ ਸੁਣੋ ਸੁਹਾਣੇ ਢੋਲ ਨੇਂ

ਹਵਾਲਾ: ਡੂੰਘੇ ਸੂਤਰ, ਗ਼ੁਲਾਮ ਫ਼ਰੀਦ ਸ਼ੌਕਤ; ਸਾਹੀਵਾਲ ਪ੍ਰਿੰਟਿੰਗ ਪ੍ਰੈੱਸ 1996؛ ਸਫ਼ਾ 36 ( ਹਵਾਲਾ ਵੇਖੋ )