ਚੇਤਰ ਚੜ੍ਹਦਾ ਤੇ ਵੱਲ ਲੈਂਦੀ ਮਿੱਠੀ ਮਿੱਠੀ ਕਸ ਅਸਾਨੂੰ

ਚੇਤਰ ਚੜ੍ਹਦਾ ਤੇ ਵੱਲ ਲੈਂਦੀ ਮਿੱਠੀ ਮਿੱਠੀ ਕਸ ਅਸਾਨੂੰ
ਨੀਂਦਰ ਓਹਲੋਂ ਪਈ ਸਨੇਂਦੀ ਖ਼ੁਵਾਬਾਂ ਦੀ ਘੜਮੱਸ ਅਸਾਨੂੰ

ਕਦੀ ਉਹ ਛੁੜਿਆਂ ਵਾਗਾਂ ਦਿੰਦੀ ਅੱਖ ਦੇ ਇਕ ਇਸ਼ਾਰੇ ਨਾਲ਼
ਕਦੀ ਬੇ ਹਰਫ਼ੀ ਮੰਤਰ ਪੜ੍ਹ ਕੇ ਕਰ ਦਿੰਦੀ ਬੇਬੱਸ ਅਸਾਨੂੰ

ਇਕ ਵਾਰੀ ਸੀ ਅੰਮ੍ਰਿਤ ਪੀਤਾ ਉਹਦੇ ਕੰਬਦੇ ਹੋਠਾਂ ਦਾ
ਸਾਰੀ ਉਮਰ ਨਈਂ ਚੰਗਾ ਲੱਗਿਆ ਅੰਗੂਰਾਂ ਦਾ ਰਸ ਅਸਾਨੂੰ

ਉਹਦੇ ਨਾਂ ਦੀ ਤਸਬੀ ਕਰਦੇ ਕਰਦੇ ਸ਼ੀਸ਼ਾ ਹੋ ਗਏ ਆਂ
ਕਿਸੇ ਤਰ੍ਹਾਂ ਦੀ ਭੁੱਖ ਵੰਗਦੀ ਏ ਨਾ ਲਗਦੀ ਏ ਤਿਸ ਅਸਾਨੂੰ

ਆਪਣੇ ਅੰਦਰ ਝਾਤੀ ਪਾ ਕੇ ਅਪਣਾ ਆਪ ਸਿਆਣ ਲਿਆ
ਆਪਣੀ ਮੈਂ ਨੂੰ ਮਾਰ ਕੇ ਆਈ ਕੋਈ ਅਨੋਖੀ ਚੱਸ ਅਸਾਨੂੰ

ਸਾਜਿਦ ਇਸ਼ਕ ਰਨਗੇਂਦਾ ਜਾਂਦਾ ਮੁੜ ਮੁੜ ਸਾਡੀ ਮਿੱਟੀ ਨੂੰ
ਕੋਈ ਤੇ ਇਹਦਾ ਤੋੜ ਵੀ ਹੋਸੀ, ਕੋਈ ਤੇ ਦਾਰੂ ਦੱਸ ਅਸਾਨੂੰ