ਟੁਰਦਾ ਟੁਰਦਾ ਹੁਟ ਨਈਂ ਸਕਦਾ

ਟੁਰਦਾ ਟੁਰਦਾ ਹੁਟ ਨਈਂ ਸਕਦਾ
ਟਹਿਣੀ ਵਾਂਗ ਤਰੁਟ ਨਈਂ ਸਕਦਾ

ਪੂਰਾ ਹਾਂ, ਪੂਰਾ ਹੀ ਰਹਿਸੂੰ
ਤੇਰੇ ਆਖੇ ਖੁੱਟ ਨਈਂ ਸਕਦਾ

ਤੇਰੀ ਜੰਨਤ ਤੈਨੂੰ ਸੋਘੀ
ਮੈਂ ਜੇ ਮੌਜਾਂ ਲੁੱਟ ਨਈਂ ਸਕਦਾ

ਮੰਨਿਆ, ਮੈਂ ਬਰਦਾ ਆਂ ਤੇਰਾ
ਪਰ ਮੈਂ ਪੈਰ ਤੇ ਘੁੱਟ ਨਈਂ ਸਕਦਾ

ਭਾਂਵੇਂ ਮੈਂ ਮਨਾਂ ਨਾ ਮਨਾਂ
ਆਪਣੀ ਕੈਦ ਤੋਂ ਛੁੱਟ ਨਈਂ ਸਕਦਾ

ਮੈਂ ਮੱਛੀ ਦੀ ਅੱਖ ਵਿਹਦਾ ਆਂ
ਮੇਰਾ ਤੀਰ ਅਚੁੱਟ ਨਈਂ ਸਕਦਾ

ਚੰਗਾ ਆਂ ਯਾ ਮੰਨਦਾ ਹਾਂ ਮੈਂ
ਭੈੜੇ ਕੰਮ ਨੂੰ ਜੁੱਟ ਨਈਂ ਸਕਦਾ

ਸੋਟੀ ਮਾਰ ਕੇ ਵੇਖ ਲੈ ਸਾਜਿਦ
ਮੈਂ ਪਾਣੀ ਆਂ, ਫੁੱਟ ਨਈਂ ਸਕਦਾ