ਰਾਵੀ ਸੁੱਕਣ ਮਗਰੋਂ

ਸੋਕਾ ਚੜ੍ਹ ਆਇਆ
ਹੁਣ ਸਾਨੂੰ ਰੋਵਣ ਨਈਂ ਆਉਮਦਾ
ਅੱਖੀਂ ਰਪੜ ਭੋਈਂ ਬਣ ਗਈਆਂ
ਦਿਲ ਭਿਜਦਾ ਨਾ ਹਾਂਹਾ ਭਰ ਥੀਂਦਾ

ਦਰਿਆ ਸੁਖ ਸਾਵਲ ਦਾ ਨਾਂ ਏ
ਦਰਿਆ ਨਿੰਮ ਦੀ ਠੱਡੀ ਛਾਂ ਏ
ਦਰਿਆ ਪਿਓ ਏ, ਦਰਿਆ ਮਾਂ ਏ

ਰਾਵੀ ਸੁੱਕਣ ਮਗਰੋਂ ਸਾਡੇ ਸਾਹ ਮੁੱਕ ਗਏ ਨੇਂ
ਰਾਵੀ ਸੁੱਕਣ ਮਗਰੋਂ ਵਗਦੇ ਖੂਹ ਸੁੱਕ ਗਏ ਨੇਂ
ਰਾਵੀ ਸੁੱਕਣ ਮਗਰੋਂ ਪੱਖੂ ਵੀ ਲੁਕ ਗਏ ਨੇਂ

ਜਿਵੇਂ ਸਰਸਵਤੀ ਦਾ ਘੁੱਟ ਭਰਿਆ ਹਾ ਮਿੱਟੀ
ਜਿਵੇਂ ਹੜੱਪੇ ਦੀ ਗਲੀਆਂ ਨੂੰ ਚਰਿਆ ਮਿੱਟੀ

ਦਰਿਆ ਸੁੱਕਣ ਮਗਰੋਂ
ਰਹਿਤਲ ਵੀ ਸੁੱਕ ਜਾਂਦੀ
ਰੇਤੇ ਦੀ ਕਿਧ ਵ ਜਾਂਦੀ ਅਸਮਾਨਾਂ ਤਾਈਂ
ਹੋ ਜਾਂਦੀ ਏ ਸਾਰੀ ਰੌਣਕ ਛਾਈਂ ਮਾਈਂ

ਹੁਣ ਸਾਨੂੰ ਰੋਵਣ ਨਈਂ ਆਉਮਦਾ
ਸੁਕੀਆਂ ਅੱਖਾਂ ਨੂੰ ਭਿਜਣ ਦਾ ਵੱਲ ਨਈਂ ਆਉਮਦਾ
ਜਿਹਦਾ ਅੱਜ ਨਾ ਹੋਵੇ ਉਹਦਾ ਕੱਲ੍ਹ ਨਈਂ ਆਉਮਦਾ