ਪੱਬਾਂ ਬਾਰ ਖਲੋਤੀ ਇਕ ਪਿਆਰੀ ਨੂੰ

ਪਾਣੀ ਉੱਤੇ ਤੁਰਦਾ ਸਾਂ ਮੈਂ, ਪਾਣੀ ਮਿੱਟੀ ਉੱਤੇ
ਮਿੱਟੀ ਨੂੰ ਅੱਗ ਮੋਢਾ ਦਿੱਤਾ, ਅੱਗ ਨੂੰ ਮੇਰੇ ਸੀਨੇ
ਸੀਨੇ ਨੂੰ ਖ਼ੁਸ਼ਬੂ ਬਣਾਇਆ, ਤੇਰੇ ਖ਼ਾਬ ਦੀ ਚੜ੍ਹਤਲ
ਪਸਲੀ ਵਿਚੋਂ ਛਕ ਕੇ ਤੈਨੂੰ ਮੈਂ ਸ਼ਮਸ਼ੀਰ ਬਣਾਇਆ
ਸੋਹਣੀ, ਸੱਸੀ, ਸਰਸਵਤੀ, ਹਾਣੀ ਤੇ ਹੀਰ ਬਣਾਇਆ

ਜੰਨਤ ਵਿਚ ਦੌਰਾ ਨਈਂ ਸਕਦੇ, ਜੰਨਤ ਦਾ ਕੀ ਕਰਨਾ
ਦੁੱਖ ਦੇ ਬਾਝੋਂ ਸੁਖ ਨਈਂ ਮਿਲਦਾ, ਦੁੱਖ ਤੋਂ ਕਿਉਂ ਘਬਰਾਈਏ
ਕਾਲ਼ੀ ਰਾਤ ਦੀ ਹਫ ਨੂੰ ਮਾਣ ਕੇ ਦਿਨਹਾ ਦੀ ਸੂਰਤ ਦਿਸਦੀ
ਹੋਵਣ ਨਾ ਹੋਵਣ ਦਾ ਸੱਤ ਏ ਸੁਣ ਨੀ ਜਿਊਣ ਜੋਗੀ
ਖੂਹ ਵਿਚ ਸਿੱਟਿਆਂ ਘੁਲ ਜਾਂਦੇ ਨੇਂ ਪੂਰਨ ਵਰਗੇ ਰੋਗੀ

ਆਉਣ ਵਾਲਾ ਆ ਕੇ ਰਹਿੰਦਾ, ਜਾਵਣ ਵਾਲਾ ਜਾ ਕੇ
ਮਾਇਆ ਮਿੱਟੀ ਹੋ ਜਾਂਦੀ ਏ, ਸਾਰੇ ਲਾਡ ਲਡਾ ਕੇ
ਓੜਕ ਪੱਥਰ ਹੋ ਜਾਂਦੇ ਨੇਂ, ਬਖ਼ਤ ਕੜਗੀ ਆ ਕੇ

ਪਰ ਪਾਣੀ ਪਾਣੀ ਈ ਰਿੰਹਦਾ, ਵਗ ਕੇ, ਠਰ ਕੇ, ਸੜ ਕੇ
ਉਹਨੂੰ ਕੋਈ ਰੱਖ ਨਈਂ ਸਕਦਾ, ਰੂਪ ਕਿਸੇ ਵਿਚ ਕੜ ਕੇ
ਭਾਂਵੇਂ ਕੋਈ ਫੂਕੇ ਮਾਰੇ, ਜ਼ਹਿਰੀ ਮੰਤਰ ਪੜ੍ਹ ਕੇ

ਇਹ ਮੇਰੀ ਅੱਖਾਂ ਦਾ ਪਾਣੀ, ਖਿੜਿਆ ਤੇਰੀ ਤਿਸ ਨੂੰ
ਇਹ ਮੇਰੇ ਸਰਜਨ ਦੀ ਸ਼ਕਤੀ ਦੇਣ ਏ ਤੇਰੀ ਚੁੱਪ ਦੀ
ਇਹ ਮੇਰੀ ਪੁੰਗਰਨ ਦੀ ਤਾਕਤ ਨਿਖੜੀ ਪਿੰਡਿਓਂ
ਮੁੜ ਤੇਰੀ ਅੱਖਾਂ ਕਿਉਂ ਭਿਜੀਆਂ, ਕਿਉਂ ਭਖਿਆ ਹਾਂਹ ਤੇਰਾ?
ਚੇਤਰ ਆਉਣ ਨਾਲ਼ ਈ ਬੱਲੀਏ, ਮੈਂ ਘਤਨਾ ਹਾ ਫੇਰਾ!