ਦਰਿਆਵਾਂ ਤੋਂ ਸਰ੍ਹਿਆਂ ਹੋਇਆ
ਅੱਜ ਅੱਖਾਂ ਦਾ ਪਾਣੀ
ਬੂਟੇ ਝੁੰਮਰ ਝੂਟੇ ਸੁੱਕ ਗਏ
ਮੁੱਕ ਗਈ ਅਮਰ ਕਹਾਣੀ
ਸੱਧਰਾਂ ਦੇ ਇਕਲਾਪੇ ਖਾ ਲਏ
ਮੇਰੀ ਸਿਕ ਦੇ ਹਾਣੀ
ਭੁੱਖੇ ਸ਼ਹਿਰ ਦੀ ਦਾਸੀ ਬਣ ਗਈ ਥਲ ਦੀ ਰਾਤ ਨਿਮਾਣੀ
ਸਰ੍ਹਿਓਂ ਨੂੰ ਕਾਲਕ ਨੇ ਵਿੰਨ੍ਹਿਆ ਪਾਕੇ ਘੋੜ ਦੀ ਘਾਣੀ

ਨਾ ਹੁਣ ਪੱਖੋ ਗੱਲਾਂ ਕਰਦੇ ਪਾਕੇ ਬਾਤ ਬਤੋਲੀ
ਨਾ ਹਿਣਕਣ ਦਰ ਸਾਲ ਤੇ ਘੋੜੇ
ਨਾ ਦਿਸਣ ਹਮਝੋਲ਼ੀ
ਸੀਨੇ ਵਾਂਗ ਅਜ਼ਲ ਤੋਂ ਸੁੰਜੀ
ਰਾਂਝਣ ਯਾਰ ਦੀ ਡੋਲੀ
ਪਾਣੀ ਵਿਚ ਮਧਾਣੀ ਪਾ ਕੇ
ਖ਼ਲਕਤ ਖੇਡੇ ਹੋਲੀ
ਹੀਰ ਸਿਆਲਨ ਸੇਜ ਲਡਾਵੇ ਵਿਹੜੇ ਵਿਚ ਰੰਗੋਲੀ

ਮੌਸਮ ਬਦਲੇ ਅੰਦਰ ਬਦਲੇ
ਬਦਲੇ ਚਾਰ ਚੌਫ਼ੇਰ
ਸ਼ਾਲਾ ਸੁਫ਼ਨੇ ਵਿਚੋਂ ਪੁੰਗਰੇ
ਮੁੜ ਮਿੱਟੀ ਦਾ ਢੇਰ
ਸ਼ਾਲਾਂ ਠਾਠਾਂ ਮਾਰਨ ਰੇਤੇ ਅੰਦਰ ਸੁੱਤੇ ਪਾਣੀ
ਸ਼ਾਲਾ ਫ਼ਜਰ ਦਾ ਤਾਰਾ ਵੇਖੇ ਮੁੜ ਕੇ ਰਾਤ ਨਿਮਾਣੀ