ਸਦਿਓਂ ਮਗਰੋਂ ਅੱਜ ਵੀ ਡਾਢੇ, ਮਾਰਨ ਗਉ ਗ਼ਰੀਬ ਤੇ ਧਾੜਾ

ਸਦੀਆਂ ਮਗਰੋਂ ਅੱਜ ਵੀ ਡਾਢੇ, ਮਾਰਨ ਗਉ ਗ਼ਰੀਬ ਤੇ ਧਾੜਾ
ਪਰਸੋ ਰਾਮ ਚਲਾਉ ਜੀ ਹੁਣ, ਜਾਬਰ ਉਤੇ ਤੇਜ਼ ਕੁਹਾੜਾ

ਜ਼ਰ ਜਰਵਾਣੇ ਕਾਬਜ਼ ਹੋ ਗਏ, ਧਰਮ ਵਰਤ ਕੇ ਸ਼ਕਤੀ ਉੱਤੇ,
ਬਾਹੂ ਬਲੀ ਬਣੇ ਵਰਦਾਨੀ, ਗਿਆਨ ਵਿੰਤ ਮਾੜੇ ਦਾ ਮਾੜਾ

ਅੰਧਲੀ ਅੰਧੁਲੇ ਮਾਪਿਆਂ ਵਾਂਗੂੰ, ਬੇਬਸ ਜੰਤਾ ਰਾਹੀਂ ਬੈਠੀ,
ਪਾਲ਼ ਪੋਸ ਕੇ ਗੱਭਰੂ ਕੀਤਾ, ਸਰਵਣ ਪੁੱਤਰ ਮੰਗਦਾ ਭਾੜਾ

ਕੁੱਲ ਦੁਨੀਆ ਦੇ ਧਰਮ ਗ੍ਰੰਥਾਂ, ਲਿਖ ਕੇ ਸਾਨੂੰ ਇਹ ਸਮਝਾਇਆ
ਕੰਚਨ ਕਾਇਆ ਨੂੰ ਖਾ ਜਾਵੇ, ਮੰਨ ਮੰਦਰ ਦਾ ਕੀਨਾ ਸਾੜਾ

ਮੁੱਠੀ ਦੇ ਵਿਚ ਦੁਨੀਆ ਕਰਦੇ, ਕਿਥੋਂ ਕਿੱਥੇ ਪਹੁੰਚ ਗਏ ਹਾਂ,
ਆਪਣੇ ਘਰ ਪਰਦੇਸੀ, ਵਧੀਆ, ਬੰਦੇ ਤੋਂ ਬੰਦੇ ਵਿਚ ਪਾੜਾ

ਭਰਮ ਨਹੀਂ, ਵਿਸ਼ਵਾਸ ਪੁਰਾਣਾ, ਹੁਣ ਤੀਕਰ ਵੀ ਨਾਲ਼ ਬਰਾਬਰ,
ਦੋ ਹੱਥਾਂ ਤੋਂ ਵੱਡਾ ਕਿਧਰੇ, ਦੱਸਿਆ ਹੀ ਨਹੀਂ ਕਿਸਮਤ ਘਾੜਾ

ਅੰਧੀ ਰਈਅਤ ਗਿਆਨ ਵਿਹੂਣੀ, ਲਾਮ ਡੋਰ ਬੰਨ੍ਹ ਤੁਰਦੀ ਜਾਵੇ,
ਆਜੜੀਆਂ ਦੇ ਕਬਜ਼ੇ ਅੰਦਰ, ਹਾਲੇ ਵੀ ਭੇਡਾਂ ਦਾ ਵਾੜਾ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 11 ( ਹਵਾਲਾ ਵੇਖੋ )