ਫਿੱਕੇ ਪੈ ਗਏ ਰੰਗ ਕੂੜੇ ਨੀ ਮੌਸਮ ਸਾਰੇ ਮਰ ਗਏ

ਫਿੱਕੇ ਪੈ ਗਏ ਰੰਗ ਕੂੜੇ ਨੀ ਮੌਸਮ ਸਾਰੇ ਮਰ ਗਏ
ਮੇਰੇ ਤੇਰੇ ਪਿਆਰ ਦੇ ਪੰਛੀ ਉਮਰਾਂ ਹੋਈਆਂ ਘਰ ਗਏ

ਕਬਰਾਂ ਉੱਤੇ ਰੂਹਾਂ ਨਾਲ਼ ਕੀ ਭਾਣੇ ਵਰਤੇ ਰੁਤਾਂ
ਜਿਹੜੇ ਟੋੜੇ ਹੰਜੁਆਂ ਖੱਟੇ ਹਾਸਿਆਂ ਰਾਹੀਂ ਭਰ ਗਏ

ਕੰਡੇ ਵਰਗੀ ਪੀੜ ਨੀ ਮਾਏ ਚੁਭਦੀ ਕਿਉਂ ਨਈਂ ਪੈਰੀਂ
ਤਿੜਕਾਂ, ਛਾਲੇ, ਧੁੱਪ ਹਿਜਰ ਦੀ ਮੂੰਹ ਬੇਗਾਨੇ ਕਰ ਗਏ

ਮੈਂ ਅਸਮਾਨੀਂ ਅੱਖਾਂ ਪੱਟੀਆਂ ਅੰਨ੍ਹੀਆਂ ਹੋਈਆਂ ਅੱਖੀਂ
ਮਿੱਟੀ ਦੇ ਕੁੱਝ ਪੁਤਲੇ ਚਾਨਣ ਜੁੱਸੇ ਮੇਰੇ ਧਰ ਗਏ

ਅਪਣੇਂ ਘਰ ਦੀਆਂ ਰਾਤਾਂ ਲਈ ਮੈਂ ਸੂਰਜ ਲੱਭਣ ਟੁਰਓਮ
ਸੂਰਜ ਮੁੱਡ ਹਨੇਰੇ ਵੇਖਿਆਂ ਹੌਂਸਲੇ ਮੇਰੇ ਹਰ ਗਏ

ਜਿਨ੍ਹਾਂ ਹੇਠ ਤੂੰ ਇੱਜ਼ਤਾਂ ਦੱਬੀਆਂ ਬੋਹੜਾਂ ਅੱਲੋਂ ਵੇਖੇਂ ਹਾ
ਮੇਰੇ ਕਿਤਨੇ ਮਾਣ ਵੇ ਬਾਬੁਲ ਤੈਨੂੰ ਤੱਕਦਿਆਂ ਠਰ ਗਏ