ਧੁੱਪਾਂ ਵਿਚੋਂ ਜੋ ਠਰਦੇ ਪੀਨੈਂ

ਧੁੱਪਾਂ ਵਿਚੋਂ ਜੋ ਠਰਦੇ ਪੀਨੈਂ
ਛਾਂਵਾਂ ਵਿਚ ਪੰਘਰ ਦੇ ਪੀਨੈਂ

ਮੌਤ ਤੋਂ ਜਿਹੜੇ ਮਰ ਨਈਂ ਸਕੇ
ਜੀਵਨ ਹੱਥੋਂ ਮਰਦੇ ਪੀਨੈਂ

ਫ਼ਜਰ ਦੇ ਭਲੇ ਸ਼ਾਮ ਨਈਂ ਆਏ
ਘਰ ਆਉਣ ਤੋਂ ਡਰਦੇ ਪੀਨੈਂ

ਲੋਕ ਨਵੇਂ ਨੇਂ ਯਾਦਾਂ ਅੰਦਰ
ਪਿਛਲੇ ਨਾਂ ਵਿਸਰਦੇ ਪੀਨੈਂ

ਜਿਹੜੇ ਹਰ ਮੈਦਾਨੇ ਜਿੱਤੇ
ਇਸ਼ਕ ਦੀ ਬਾਜ਼ੀ ਹਿਰਦੇ ਪੀਨੈਂ

ਕੀ ਹੋਇਆ ਜੇ ਅਸੀਂ ਖੜੇ ਆਂ
ਕੁੱਝ ਤਾਂ ਪਾਰ ਉੱਤਰ ਦੇ ਪੀਨੈਂ

ਰੇਤ ਨੂੰ ਤਿਸੇ ਸਮਝੇ ਪਾਣੀ
ਧੋਕੇ ਸਾਫ਼ ਨਜ਼ਰ ਦੇ ਪੀਨੈਂ

ਗ਼ੈਰਾਂ ਨੇ ਸਾਨੂੰ ਨਈਂ ਲੁੱਟਿਆ
ਚੋਰ ਤਾਂ ਆਪਣੇ ਘਰ ਦੇ ਪੀਨੈਂ

ਵਾਸੀ ਇਹ ਨੇਂ ਕਿਸ ਨਗਰੀ ਦੇ
ਦੋਜ਼ਖ਼ ਵਿਚ ਵੀ ਠਰਦੇ ਪੀਨੈਂ

ਪੰਧ ਤਾਂ ਓਵੇਂ ਦਾ ਓਵੇਂ ਏ
ਓਵੇਂ ਦਿਨ ਗੁਜ਼ਰਦੇ ਪੀਨੈਂ

ਰੰਗ ਉਨ੍ਹਾਂ ਦੇ ਮੂੰਹ ਦਾ ਦੱਸਦੇ
ਕਰਕੇ ਗੱਲ ਮੁੱਕਰ ਦੇ ਪੀਨੈਂ

ਸਹਿਰ ਮੇਰੀ ਪਲਕਾਂ ਤੇ ਹੰਝੂ
ਸੂਰਜ ਵਾਂਗ ਉਭਰਦੇ ਪੀਨੈਂ