ਜੱਗ ਦੇ ਅੰਦਰ ਪਿਆ ਸਕੂਨ ਦਾ ਕਾਲ਼ ਜਿਹਾ

ਜੱਗ ਦੇ ਅੰਦਰ ਪਿਆ ਸਕੂਨ ਦਾ ਕਾਲ਼ ਜਿਹਾ
ਲਗਦਾ ਏ ਹਰ ਇਕ ਬੰਦਾ ਖੁੰਝੇ ਬਾਲ ਜਿਹਾ

ਹਰ ਸੀਨੇ ਵਿਚ ਧੁੜਕੂ ਲਾਇਆ ਵੇਲੇ ਨੇ
ਹਰ ਇਕ ਚਿਹਰਾ ਜਾਪੇ ਇਕ ਸਵਾਲ ਜਿਹਾ

ਅੱਜ ਵੀ ਰੁੱਤਾਂ ਅਪਣਾ ਰੰਗ ਪਰ ਤਾਇਆ ਨਈਂ
ਅੱਜ ਵੀ ਮੌਸਮ ਲਗਦਾ ਏ ਪਿਛਲੇ ਸਾਲ ਜਿਹਾ

ਇਸ ਦੇ ਸੀਨੇ ਦੇ ਵਿਚ ਅੱਤ ਹਨੇਰਾ ਸੀ
ਜਿਸਦਾ ਚਿਹਰਾ ਹੈ ਸੀ ਇਕ ਮਿਸਾਲ ਜਿਹਾ

ਜੇ ਨਾ ਰੱਖੇ ਯਾਦ ਹਵਾਲੇ ਮਾਜ਼ੀ ਦੇ
ਮੁਸਤਕਬਿਲ ਵੀ ਹੋਣਾ ਏ ਸਾਡਾ ਹਾਲ ਜਿਹਾ

ਮੰਡੀ ਦੇ ਵਿਚ ਆ ਕੇ ਕਿਸੇ ਬਿਪਾਰੀ ਨੂੰ
ਦੂਜਾ ਮਾਲ ਨਈਂ ਲਗਦਾ ਆਪਣੇ ਮਾਲ ਜਿਹਾ

ਜਿਹੜਾ ਵੀ ਦੂਜੇ ਦਾ ਦਰਦ ਵੰਡਾ ਨਦਾ ਏ
ਸਮਝੋ ਉਹਨੂੰ ਗ਼ੌਸ ਕੁਤਬ ਅਬਦਾਲ ਜਿਹਾ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 107 ( ਹਵਾਲਾ ਵੇਖੋ )