ਹਰ ਬੰਦੇ ਨੇ ਆਪਣੇ ਆਪ ਨੂੰ ਕੱਜਿਆ ਏ

ਹਰ ਬੰਦੇ ਨੇ ਆਪਣੇ ਆਪ ਨੂੰ ਕੱਜਿਆ ਏ
ਹਰ ਚਿਹਰੇ ਤੇ ਨਕਲੀ ਚਿਹਰਾ ਸਜਿਆ ਏ

ਨਜ਼ਰ ਜੇ ਆਉਂਦਾ ਅਪਣਾ ਆਪ ਬਚਾ ਲੈਂਦਾ
ਫੁੱਲਾਂ ਦੇ ਵਿਚ ਲੁਕਿਆ ਖ਼ੰਜਰ ਵੱਜਿਆ ਏ

ਧਰਤੀ ਉਤੇ ਝੁੱਗੀਆਂ ਦੇ ਦਿਲ ਡੋਲੇ ਨੇਂ
ਅੰਬਰ ਅਤੇ ਜਦ ਵੀ ਬਦਲ ਗੱਜਿਆ ਏ

ਜਿੰਨੀ ਵਧਦੀ ਓਨੀ ਭੁੱਖ ਵਧਾਂਦੀ ਏ
ਦੌਲਤ ਨਾਲ਼ ਕਦੋਂ ਕੋਈ ਬੰਦਾ ਰੁਝਿਆ ਏ

ਮੈਂ ਰੋਕਿਆ ਤੇ ਸਾਥ ਕਿਸੇ ਨੇਂ ਦਿੱਤਾ ਨਾ
ਮੈਂ ਭੱਜਿਆ ਤੇ ਨਾਲ਼ ਜ਼ਮਾਨਾ ਭੱਜਿਆ ਏ

ਇਸ ਦੇ ਦਮ ਤੋਂ ਜੱਗ ਨੂੰ ਨਫ਼ਾ ਖ਼ਸਾਰਾ ਕੀ
ਜਿਸ ਦਰਵੇਸ਼ ਨੇ ਇਸ ਦੁਨੀਆ ਨੂੰ ਤਜਿਆ ਏ

ਖ਼ਲਕਤ ਕਿੰਨੀ ਉਸ ਕੋਲੋਂ ਤੰਗ ਹੋਵੇਗੀ
ਜਿਸਦੀ ਮੌਤ ਤੇ ਸ਼ੀਦਾ ਵਾਜਾ ਵੱਜਿਆ ਏ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 37 ( ਹਵਾਲਾ ਵੇਖੋ )