ਸਭ ਖ਼ਲਕਤ ਤੋਂ ਉੱਚੇ ਸੁੱਚੇ ਕੰਬਲ ਪੋਸ਼ ਹਜ਼ੂਰ
ਖ਼ਾਲਿਕ ਦੀ ਤਖ਼ਲੀਕ ਦੇ ਜੌਹਰ, ਕੁਲ ਆਲਮ ਦੇ ਨੂਰ

ਆਪ ਦੀ ਸਿਫ਼ਤ ਬਿਆਂਨ ਕਿਵੇਂ ਥੋਥੇ ਨੇਂ ਅਲਫ਼ਾਜ਼
ਆਪ ਦਾ ਰੁਤਬਾ ਜਾਨਣ ਤੋਂ ਨੀਂ ਆਜ਼ਿਜ਼ ਫ਼ਹਿਮ ਸ਼ਊਰ

ਸਾਡੀ ਖ਼ਾਤਿਰ ਲੈ ਕੇ ਆਏ ਅੱਲ੍ਹਾ ਦੇ ਮਹਿਬੂਬ
ਸਭ ਤੋਂ ਆਲੀ ਸਭ ਤੋਂ ਅਫ਼ਜ਼ਲ ਕੁਰਆਨੀ ਦਸਤੂਰ

ਹਰ ਪਾਸੇ ਸੁਨਿ ਅੱਤ ਹਨੇਰੇ ਆਪ ਨੇ ਜ਼ਿਹਨਾਂ ਤਾਈਂ
ਚਾਨਣ ਵਰਗੀਆਂ ਸੋਚਾਂ ਦੇ ਕੇ ਜ਼ੁਲਮਤ ਕੀਤੀ ਦੂਰ

ਹਰ ਅਦਨੀ ਹਰ ਆਲੀ ਦੇ ਨਾਲ਼ ਇਕੋ ਜਿਹਾ ਸਲੋਕ
ਆਪ ਨੇ ਸ਼ੀਦਾ ਇਕੋ ਕੀਤੇ ਮਾਲਿਕ ਤੇ ਮਜ਼ਦੂਰ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 16 ( ਹਵਾਲਾ ਵੇਖੋ )