ਫ਼ਿਰ ਉਹ ਬੇਸ਼ੱਕ ਮੇਰੇ ਨਾਲੋਂ ਸਾਂਝ ਦੇ ਰਿਸ਼ਤੇ ਤੋੜ ਦੂਏ

ਫ਼ਿਰ ਉਹ ਬੇਸ਼ੱਕ ਮੇਰੇ ਨਾਲੋਂ ਸਾਂਝ ਦੇ ਰਿਸ਼ਤੇ ਤੋੜ ਦੂਏ
ਪਹਿਲੋਂ ਆਪਣੇ ਜੁੱਸੇ ਵਿਚੋਂ ਮੇਰਾ ਖ਼ੂਨ ਨਿਚੋੜ ਦੂਏ

ਖ਼ੋਰੇ ਦਿਲ ਮੇਰਾ ਕਿਉਂ ਇਸ ਤੋਂ ਜਾਣ ਕੇ ਧੋਕੇ ਖਾਂਦਾ ਏ
ਜੋ ਫੁੱਲਾਂ ਦੀ ਝਲਕ ਦਿਖਾ ਕੇ ਹੱਥ ਵਿਚ ਕੰਡੇ ਪੌੜ ਦੂਏ

ਨਾਲ਼ ਹਨੇਰੀ ਡਿੱਗਿਆ ਇਹ ਰੱਖ ਦੇਵੇ ਸਬਕ ਜ਼ਮਾਨੇ ਨੂੰ
ਜਿਹੜੀ ਵਾ ਹਯਾਤੀ ਦੇਵੇ ਉਹੋ ਜੜਾਂ ਅਖੋੜ ਦੂਏ

ਇਸ ਬੰਦੇ ਤੇ ਰੱਬ ਦੀ ਰਹਿਮਤ ਓੜਕ ਛਾਵਾਂ ਕਰਦੀ ਏ
ਜਿਹੜਾ ਆਪਣੀ ਆਸ ਦਾ ਰਿਸ਼ਤਾ ਅੱਲ੍ਹਾ ਦੇ ਨਾਲ਼ ਜੋੜ ਦੂਏ

ਤਾਬਿਦਾਰ ਦੀ ਝੋਲ਼ੀ ਜੱਗ ਤੇ ਕਦੀ ਵੀ ਸੱਖਣੀ ਰਹਿੰਦੀ ਨਈਂ
ਮਾਂ ਦੀਆਂ ਜਿਹਦੇ ਨਾਲ਼ ਦੁਆਵਾਂ ਰੱਬ ਨਾ ਉਹਨੂੰ ਥੋੜ ਦੂਏ

ਕੌਣ ਕਿਸੇ ਦੇ ਅੱਗੇ ਸ਼ੀਦਾ ਅਪਣਾ ਸੀਸ ਨਿਵਾ ਨਦਾ ਏ
ਬੰਦੇ ਨੂੰ ਤੇ ਬੰਦੇ ਅੱਗੇ ਹੀਣਾ ਕਰ ਇਹ ਲੋੜ ਦੂਏ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 83 ( ਹਵਾਲਾ ਵੇਖੋ )