ਜਿਹੜੇ ਮੁਖੜੇ ਆ ਜਾਂਦੇ ਨੇਂ ਖ਼ਵਾਬਾਂ ਵਿਚ

ਜਿਹੜੇ ਮੁਖੜੇ ਆ ਜਾਂਦੇ ਨੇਂ ਖ਼ਵਾਬਾਂ ਵਿਚ
ਪਾ ਜਾਂਦੇ ਨੇਂ ਜਿੰਦੜੀ ਸਖ਼ਤ ਅਜ਼ਾਬਾਂ ਵਿਚ

ਸਾਹਿਬਾਨ ਸੋਹਣੀ ਸਹਿਤੀ ਹੀਰ ਸਿਆਲਾਂ ਦੀ
ਇਹ ਕਿੱਸੇ ਨੇਂ ਰਹਿ ਗਏ ਸਿਰਫ਼ ਕਿਤਾਬਾਂ ਵਿਚ

ਲਹੂ ਦੀ ਲਾਲੀ ਵੇਖ ਕੇ ਵਿਚ ਫ਼ਿਜ਼ਾਵਾਂ ਦੇ
ਜ਼ਰਦੀ ਝਲਕਣ ਲੱਗ ਪਈ ਸੁਰਖ਼ ਗੁਲਾਬਾਂ ਵਿਚ

ਹੁਣ ਤੇ ਨੇਕੀ ਕਰਨ ਤੋਂ ਵੀ ਜੀ ਡਰਦਾ ਏ
ਖੱਟ ਲਿਆ ਏ ਦੋਜ਼ਖ਼ ਅਸੀਂ ਸਵਾਬਾਂ ਵਿਚ

ਸਰਦੀ ਗਰਮੀ ਸਭੇ ਪਿੱਛੇ ਛੱਡ ਜਾਵੇ
ਜਦ ਵੇਲ਼ਾ ਧਰ ਲੈਂਦਾ ਏ ਪੈਰ ਰਕਾਬਾਂ ਵਿਚ

ਆਪਣੇ ਆਪ ਨੂੰ ਭੁੱਲ ਜਾਵਣ ਦਾ ਚਾਰਾ ਏ
ਹੋਰ ਭਲਾ ਕੀ ਰੱਖਿਆ ਹੋਇਆ ਸ਼ਰਾਬਾਂ ਵਿਚ

ਖ਼ਵਾਬਾਂ ਵਿਚ ਵਸੇਬਾ ਜਿਹੜੀਆਂ ਲੋਕਾਂ ਦਾ
ਲੰਘ ਜਾਂਦੀ ਏ ਸ਼ੀਦਾ ਉਮਰ ਸਰਾਬਾਂ ਵਿਚ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 67 ( ਹਵਾਲਾ ਵੇਖੋ )