ਅੱਜ ਕੱਲ੍ਹ ਕੁੱਝ ਤੂਫ਼ਾਨ ਦੇ ਵਿਚ ਆਂ

ਅੱਜ ਕੱਲ੍ਹ ਕੁੱਝ ਤੂਫ਼ਾਨ ਦੇ ਵਿਚ ਆਂ
ਸਾਹਵਾਂ ਦੇ ਜ਼ਨਦਾਨ ਦੇ ਵਿਚ ਆਂ

ਆਪਣੇ ਜੀ ਨਾਲ਼ ਆਢਾ ਲਾ ਕੇ
ਬਿਰਹਾ ਦੀ ਸੰਤਾਨ ਦੇ ਵਿਚ ਆਂ

ਜਿਹੜਾ ਮੈਨੂੰ ਲੱਭੇ ਉਸੇ
ਦਿਲ ਕਮਲੇ ਨਾਦਾਨ ਦੇ ਵਿਚ ਆਂ

ਧਰਤੀ ਉਤੇ ਪੈਰ ਨੀਂ ਮੇਰੇ
ਇਸੇ ਲਈ ਅਸਮਾਨ ਦੇ ਵਿਚ ਆਂ

ਹਾਸੇ ਦੀ ਬੁੱਕਲ ਵਿਚ ਬੈਠੀ
ਰੂਹ ਦੇ ਕਬਰਸਤਾਨ ਦੇ ਵਿਚ ਆਂ

ਮੈਨੂੰ ਮੈਥੋਂ ਲੱਭਣਾ ਔਖਾ
ਭਾਵੇਂ ਮੈਂ ਖ਼ਾਕ਼ਾਨ ਦੇ ਵਿਚ ਆਂ