ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ

ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ
ਕਰਦਾ ਏ ਕੋਈ ਹੋਰ
ਜਿਹੜਾ ਮੈਥੋਂ ਬਹੁਤਾ ਮੇਰੇ
ਅਤੇ ਕਰਦਾ ਏ ਗ਼ੌਰ
ਜਿਹੜਾ ਮੇਰਾ ਹੋ ਕੇ
ਮੈਂ ਤੋਂ ਵੀ ਕੁੱਝ ਵੱਧ ਏ
ਮੈਂ ਇਕ ਹੱਦ ਉਹ ਮੇਰੀ ਹੱਦ ਤੋਂ
ਕਿੰਨਾ ਈ ਬੇਹੱਦ ਏ
ਮੇਰੀ ਅੱਖ ਵਿਚ ਚਾਨਣ ਧਰ ਕੇ
ਰੂਹ ਵਿਚ ਪਾਵੇ ਸ਼ੋਰ
ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ
ਕਿਰਦਾਰ ਏ ਕੋਈ ਹੋਰ

ਚਿੱਤਰ ਸੋਚਦੀ ਕਿੰਨੀ ਦੇ ਨਾਲ਼
ਚੁਣੀ ਦਿੰਦਾ ਏ ਬੰਨ੍ਹ
ਅੰਬਰਾਂ ਉਤੋਂ ਰਾਤ ਦੀ ਬੁੱਕ ਵਿਚ
ਆ ਜਾਂਦਾ ਏ ਚੰਨ
ਦਿਲ ਵੱਲ ਜਾਂਦੀ ਰਾਹ ਤੇ ਤਾਰੇ
ਗੱਲ ਇਕ ਦਿੰਦੇ ਟੂਰ
ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ
ਕਿਰਦਾਰ ਏ ਕੋਈ ਹੋਰ

ਹੋਰ ਜਹਾਂ ਵਿਚ ਵਸਦਾ ਵਸਦਾ
ਮੇਰੇ ਵੱਲ ਵੀ ਆਵੇ
ਕਈ ਵਾਰੀ ਤੇ ਸਾਹ ਤੋਂ ਆਪਣੀ
ਗੱਲ ਨਾ ਦੱਸੀ ਜਾਵੇ
ਖਿੜ ਦੀ ਸੋਚਦਾ ਰਸ ਪੀ ਜਾਵੇ
ਅਣਡਿੱਠਾ ਇਹ ਭੌਰ
ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ
ਕਿਰਦਾਰ ਏ ਕੋਈ ਹੋਰ

ਮੈਨੂੰ ਵੀ ਕੋਈ ਸ਼ੌਕ ਨਹੀਂ
ਕਿਵੇਂ ਐਵੇਂ ਸ਼ਿਅਰ ਬਣਾਵਾਂ
ਇਕ ਇਕ ਲਫ਼ਜ਼ ਨੂੰ ਕੁੱਛੜ ਚੁੱਕ ਕੇ
ਅੰਬਰਾਂ ਤਕ ਲੈ ਜਾਵਾਂ
ਉਹ ਈ ਚਾਹ ਦੇ ਘੁੰਗਰੂ ਬਣਾ ਕੇ
ਬਣ ਜਾਂਦਾ ਏ ਮੋਰ
ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ
ਕਰਦਾ ਏ ਕੋਈ ਹੋਰ

ਖ਼ਾਬ ਜਿਹੀ ਇਕ ਮੂਰਤ ਕਿਧਰੋਂ
ਮੈਨੂੰ ਮਿਲਣ ਲਈ ਆਵੇ
ਏਸ ਸਮੇ ਦੇ ਪਰ ਲਾਕੇ ਉਹ
ਹੋਰ ਸਮੇ ਵੱਲ ਜਾਵੇ
ਫੁੱਲਾਂ ਨਾਲ਼ ਯਾਰਾਨੇ ਉਹਦੇ
ਪਰ ਕੰਡਿਆਲੀ ਥੌਰ
ਮੈਥੋਂ ਸ਼ਾਇਰੀ ਕੋਈ ਨਹੀਂ ਹੁੰਦੀ
ਕਿਰਦਾਰ ਏ ਕੋਈ ਹੋਰ