ਅਦਾਲਤ ਜਾਰੀ ਹੈ।।।

ਘਰੋਂ ਜੋ ਤੁਰਦਾ ਹੈ
ਸਵਾਲਾਂ ਦੀ ਪਿੰਡ
ਮੋਢਿਆਂ ਤੇ ਰੱਖ ਕੇ
ਰੋਜ਼ ਪਰਤ ਆਉਂਦਾ ਓਹਾ
ਸੁੱਕੀਆਂ ਅੱਖਾਂ ਵਿਚ
ਅਣਸੁਲਝੇ ਸਵਾਲ ਲੈ ਕੇ

ਘਰ ਤੋਂ ਅਦਾਲਤ ਤੱਕ ਦਾ ਰਾਹ
ਹੁਣ ਉਸਨੂੰ ਬਹੁਤ ਛੋਟਾ ਲਗਦਾ
ਬੱਸ
ਵੱਡੇ ਤਾਂ ਉਹ ਸਵਾਲ ਲਗਦੇ
ਜਿਹਨਾਂ ਦੇ ਜਵਾਬ ਲਈ
ਉਮਰ ਦਾ ਇਕ ਵੱਡਾ ਹਿੱਸਾ
ਇਨ੍ਹਾਂ ਰਾਹਾਂ ਨੇ ਖਾ ਲਿਆ

ਉਹ ਅਕਸਰ ਸੋਚਦਾ
ਕੀ ਇਹ ਬਿਮਾਰ ਨਿਆਣ ਤੰਤਰ
ਦੇ ਸਕੇਗਾ ਮੇਰੇ ਸਵਾਲਾਂ ਦੇ ਜਵਾਬ
ਮੇਰੇ ਜਿਉਂਦੇ ਜੀ?

ਪਰ ਕਹਿੰਦੇ ਨੇਂ
ਰੌਲ਼ਾ ਨਾ ਪਾਉ
ਅਦਾਲਤ ਜਾਰੀ ਹੈ

ਭਾਵੇਂ
ਮਰ ਗਏ ਨੇਂ ਕਈ ਫ਼ਰਿਆਦੀ
ਵਿਕ ਗਏ ਨੇ ਸਭ ਗਵਾਹ
ਪਰ ਅਦਾਲਤ ਜਾਰੀ ਹੈ

ਇਥੇ ਬੋਲਣ ਤੇ ਹੈ ਪਾਬੰਦੀ
ਠੰਢੇ ਸਾਹਾਂ ਦੀ ਵਾਰੀ ਹੈ
ਬੱਸ
ਸਾਹ ਲੈ ਸਕਦੇ ਹੋ ਤੁਸੀਂ

ਪਰ ਉਸ ਵਿਚ ਬਗ਼ਾਵਤ ਨਾ ਹੋਵੇ
ਅਦਾਲਤ ਜਾਰੀ ਹੈ!!