ਪੰਜਾਬ ਉਦਾਸ ਹੈ

ਪੰਜਾਬ ਉਦਾਸ ਹੈ
ਬਹੁਤ ਉਦਾਸ !
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰਾਂ
ਉਹਦੇ ਨਾਮ ਦੀਆਂ ਹੀ
ਧੱਜੀਆਂ ਉਡਾ ਦਿੱਤੀਆਂ!
ਪਹਿਲਾਂ ਕਿਸੇ ਸੱਤ ਬੇਗਾਨੇ
'ਪੰਜ ਆਬ' ਤੋਂ
ਕਰ ਦਿੱਤਾ 'ਢਾਈ ਆਬ'
ਤੇ ਰਹਿੰਦੀ ਕਸਰ
ਉਹਦੇ ਆਪਣਿਆਂ
ਹੀ ਕੱਢ'ਤੀ
'ਢਾਈ ਆਬ' ਨੂੰ
ਕਰਕੇ ਜ਼ਹਿਰੀ
ਵਿਕਾਸ ਦੇ ਨਾਂ 'ਤੇ!

ਪੰਜਾਬ ਉਦਾਸ ਹੈ
ਬਹੁਤ ਉਦਾਸ!
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰਾਂ
ਜੇ ਕੀਤਾ ਹੀਆ ਇਨਕਲਾਬ ਦਾ
ਤਾਂ
ਲਾਵਾਰਸ ਲਾਸ਼ਾਂ ਬਣ
ਅਖਬਾਰਾਂ ਦੀਆਂ ਸੁਰਖੀਆਂ ਬਣ ਗਏ !
....ਤੇ ਕੂੜ ਦੀ ਕਚਹਿਰੀ 'ਚ
ਅਜੇ ਵੀ ਰੁਲਦੀ ਐ
ਉਸ ਬਾਪ ਦੀ ਦਾਹੜੀ !
ਉਹਦੀ ਲਚਾਰੀ 'ਤੇ
'ਨਿਆਂ ਦੇ ਠੱਗ' ਇੰਝ ਮੁਸਕਾਏ
ਜਿੱਦਾਂ ਹਿਟਲਰ
ਯਹੂਦੀਆਂ ਨੂੰ ਗੈਸ-ਭੱਠੀਆਂ 'ਚ ਸੁੱਟ
ਸ਼ੈਤਾਨੀ ਹਾਸਾ ਹੱਸ ਸਕਦੈ !

ਪੰਜਾਬ ਉਦਾਸ ਹੈ
ਬਹੁਤ ਉਦਾਸ !
ਜਿਸ ਦਿੱਲੀ ਨੂੰ ਸੁਹਾਗਣ ਰੱਖਣ ਲਈ
ਬਣਿਆ ਸਦਾ ਹੀ ਇਹ 'ਖੜਗ-ਭੁਜਾ'
ਉਸੇ ਦਿੱਲੀ ਨੇ
ਇਹਦੀਆਂ ਭੱਜੀਆਂ ਬਾਹਾਂ ਵੇਖ
ਲਗਾਏ ਠਹਾਕੇ!
ਤੇ ਇਹਦੀਆਂ ਧੀਆਂ ਨੂੰ
ਵਿਧਵਾ ਕਰਨ ਲਈ
ਵਰਤਾਏ ਕਈ ਹੀਲੇ!

ਪੰਜਾਬ ਉਦਾਸ ਹੈ
ਬਹੁਤ ਉਦਾਸ !
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰ
ਰੁੜ ਗਏ ਵਿੱਚ ਦਰਿਆ ਨਸ਼ੇ ਦੇ!
ਜਿਹਦੀਆਂ ਧੀਆਂ
ਰਹਿ ਗਈਆਂ ਬਣ ਕੇ
ਨੁਮਾਇਸ਼ ਦੀ ਵਸਤੂ!
ਜਿਹਦੀ ਜਰਖੇਜ਼ ਭੋਂਇੰ
ਬਣਦੀ ਜਾਏ ਬੰਜਰ!
ਜਿਹਦੇ 'ਮਾਝੇ' ਪੁੱਤ ਨੂੰ
ਵਿਸਰ ਗਈ ਆਪਣੀ 'ਸੂਰਮਗਤੀ'
'ਮਾਲਵੇ' ਨੂੰ ਚਿੰਬੜ ਗਈ 'ਕੈਂਸਰ-ਡੈਣ'
ਤੇ ਦੁਆਬੇ ਨੂੰ ਚੜ੍ਹ ਗਿਆ
ਐਨ ਆਰ ਆਈ ਹੋਣ ਦਾ ਬੁਖ਼ਾਰ!
ਹੁਣ ਦੱਸੋ ਭਲਾ!
ਉਹ ਸੂਰਮਾ ਪੁੱਤ ਕਿਸ ਨੂੰ ਆਖੇ?
ਕਿਥੋਂ ਲੱਭ ਲਿਆਵੇ
ਧੀ ਦੀਆਂ ਅੱਖਾਂ ਦੀ ਗੁਆਚੀ ਸ਼ਰਮ?
ਜ਼ਹਿਰੀਲੀ-ਧਰਤ 'ਤੇ ਖਲੋ
ਦੂਸ਼ਿਤ ਹਵਾ 'ਚੋਂ
ਮਹਿਕ ਕਿੱਥੋਂ ਲੱਭੇ?

ਪੰਜਾਬ ਉਦਾਸ ਹੈ
ਬਹੁਤ ਉਦਾਸ !
'ਸਰਬੱਤ ਦਾ ਭਲਾ'
ਮੰਗਣ ਵਾਲਾ ਦਰਵੇਸ਼
ਅੱਜ ਆਪਣੇ ਹੀ ਘਰ 'ਚ
ਹੰਢਾ ਰਿਹਾ
ਬੇਗਾਨਗੀ ਦੀ ਜੂਨ!
ਉਹਦੇ ਸੀਨੇ ਬਲਦੀ ਲਾਟ
'ਮੇਰਾ ਭਾਰਤ ਮਹਾਨ'
ਦੇ ਗੀਤ ਕਿੰਝ ਫੇਰ ਗਾਵੇ?
ਇਸ ਵਿਚ ਉਹਦਾ ਦੋਸ਼ ਕੀ
ਜੇ ਇਨਕਲਾਬ 'ਤੇ ਉੰਤਰ ਆਵੇ?
ਹਾੜ੍ਹਾ ਈ ਪੁੱਤਰੋ!
ਉਸ ਬਾਪ ਦਾ ਸਾਥ ਦੇਵੋ
ਉਸ 'ਖੜਗ-ਭੁਜਾ' ਨੂੰ
ਅੱਜ ਤੁਹਾਡੀਆਂ ਭੁਜਾਵਾਂ ਦੀ ਲੋੜ ਹੈ!
'ਛੇਵੇਂ ਦਰਿਆ ਚੋਂ ਨਿਕਲੋ
'ਢਾਈ ਆਬ ਦੀ ਪੜਤ ਬਚਾਵੋ!
ਪੰਜਾਬ ਉਦਾਸ ਹੈ
ਬਹੁਤ ਬਹੁਤ ਉਦਾਸ!