ਬੂਹਾ ਬੰਦ ਕਰੀਨਦਈਏ

ਤੈਂਡੇ ਨਾਂ ਦੀ ਰੋਜ਼ ਚਨਬੀਲੜੀ
ਮੈਂਡੇ ਸਕੇ ਸੀਨੇ ਜਾਗਦੀ
ਤੈਂਡੇ ਸੂਰਜ ਨਾਲ਼ ਸਵੀਲੜੇ
ਤੈਂਡੇ ਵੀੜ੍ਹੇ ਖੇਡਦੇ ਵੇਲੜੇ
ਨਿੱਤ ਹੌਲੀ ਹੌਲੀ ਖੋਲਦੇ
ਮੈਂਡੇ ਸਾਹਵਾਂ ਵੱਜੀ ਤਾਕੜੀ

ਉਹ ਨੀਲੀ ਸਾਵੀ ਚੁਣੀਆਂ
ਤੈਂਡੇ ਹੋਠੀਂ ਖੜਦੀ ਚੁਮਿਆਂ
ਆ ਦੂਰ ਸਮੁੰਦਰ ਰਣੀਆਂ
ਤੈਂਡੇ ਸਾਹਵਾਂ ਪਾਣੀ ਗੇੜਿਆ
ਦਿਨ ਔਖਾ ਆਨ ਸਹੇੜਿਆ
ਮੈਂਡੀ ਰਾਤ ਉਦਾਸ ਅਕੀਲੜੀ
ਮੈਂਡਾ ਬਸਤਰ ਪੈਂਡੇ ਟੂਰ ਦਾ
ਮੈਂ ਸੱਤਾ ਹੋਰ ਦੇ ਹੋਰ ਦਾ

ਮੈਂਡੇ ਪਿੰਡੇ ਅੰਦਰ ਭੌਨਦਈਏ
ਮੈਂਡੇ ਖ਼ਾਬਾਂ ਦੇ ਵਿਚ ਰੋਨਦਈਏ

ਨੀ ਬੂਹਾ ਬੰਦ ਕਰੀਨਦਈਏ
ਮੈਨੂੰ ਥੋੜਾ ਹੋਰ ਉਡੀਕ!

ਹਵਾਲਾ: ਸੇਜਲ਼; ਸਾਂਝ; ਸਫ਼ਾ 17 ( ਹਵਾਲਾ ਵੇਖੋ )