ਪ੍ਰਦੇਸ

ਜੈਨ ਵਜੂਦ ਹਵਾ ਦਾ ਬੁੱਲ੍ਹਾ
ਦੱਸਦਾ ਨਹੀਂ ਪਰ ਸੰਘਿਆ ਜਾਵੇ
ਜੁੱਸੇ ਦੇ ਹਰ ਬੂਟੇ ਅੰਦਰ ਚਨਨਗ ਸੁਆਹ ਦਾ ਓਹਲਾ

ਆਲ ਦੁਆਲੇ ਪੰਖ ਪਖੇਰੂ, ਰੁਖ ਤੇ ਬੂਟੇ
ਆਪ ਉਗਾਏ ਯਾ ਫਿਰ ਧਰਤੀ ਅਪਣਾ ਪਿੰਡਾ ਆਪ ਸਜਾਵਨ ਕਾਰਨ
ਹਰ ਥਾਂ ਲੱਖਾਂ ਰੰਗੀਨ ਪੋਚੇ ਲਾਏ

ਇਹ ਸਭ ਆਪਣੀ ਬੋਲੀ ਬੋਲਣ
ਗਿਟਮਿਟ ਕਰਦੇ
ਮੈਂ ਵੀ ਇਨ੍ਹਾਂ ਨਾਲ਼ ਹੀ ਜੰਮਿਆ, ਵੱਡਾ ਹੋਇਆ
ਇਨ੍ਹਾਂ ਵਿਚੋਂ ਇਕ ਇਕ ਦਾ ਮੈਂ ਨਾਂ ਪਛਾਣਾਂ
ਵਾ ਵਿਚ ਰਚਦੀ ਇਨ੍ਹਾਂ ਦੀ ਹਰ ਤਾਣ ਪਛਾਣਾਂ

ਪਰ ਪ੍ਰਦੇਸੀਂ ਉਮਰ ਦਾ ਵੱਡਾ ਟੋਟਾ ਟੁੱਟਿਆ
ਮੇਰੇ ਨਾਲ਼ ਜੋ ਉੱਤੋਂ ਡਿੱਗਿਆ ਸਾਹ ਇਕੱਲਾ
ਇਥੇ ਪੰਛੀ, ਰੁੱਖ , ਬੂਟੇ ਸਭ ਗ਼ੈਰ ਤੇ ਓਭੜ
ਇਨ੍ਹਾਂ ਦੇ ਮੈਂ ਨਾਂ ਨਾ ਜਾਣਾ, ਨਾ ਹੀ ਬੋਲੀ, ਰਮਜ਼ ਪਛਾਣਾਂ
ਨਾ ਇਹ ਮੇਰੇ ਸੰਗ ਸ਼ਗਨ ਮਨਾਉਣ
ਨਾ ਹੀ ਮੇਰੇ ਮਰਨ ਤੇ ਇਹ ਮੁਕਾ ਵਿਨੇ ਆਉਣ