ਲਿਖਤਾਂ

ਆਪਣੇ ਚੰਬੇ ਬੰਦੇ ਗੁੜ ਦੀ ਮਹਿਕ ਨਿਰਾਲੀ
ਆਪਣੇ ਖਾਣ ਲਈ ਬਣਿਆ ਜਿਸ ਵਿਚ
ਰੰਗ ਕਾਟ, ਨਾ ਸੋਡਾ
ਸਾਦ ਮਰ ਅਦਾ, ਕੁੱਝ ਬਦ ਰੰਗਾ, ਸ਼ਕਲੋਂ ਕੋਹਜਾ
ਵਿਕਣ ਵਾਲੀ ਇਸ ਵਿਚ ਨਾ ਕੋਈ ਲਿਸ਼ਕ ਸਫ਼ੈਦੀ
ਲਿਖਤਾਂ ਵੀ ਕੁੱਝ ਇਸੇ ਜ਼ਾਤੋਂ
ਦਿਲ ਦੇ ਚੰਬੇ ਚੜ੍ਹੀਆਂ ਮਹਿਕਣ
ਖਰਵੀਆਂ ਤੇ ਅੱਧ ਘੜੀਆਂ
ਹਰਫ਼ਾਂ ਵਿਚ ਸਫ਼ੈਦੀ ਵਾਲੇ ਭੇਦ ਸੈਨਤਾਂ

ਕਹੀਆਂ ਅੰਦਰ ਅਣ ਕਹੀਆਂ ਦੇ ਖਰੇ ਛੱਡੀਉਣ
ਬੋਲਾਂ ਅੰਦਰ ਚੁੱਪ ਦੇ ਟੋਟੇ, ਟਾਂਕੇ ਲਾਵਣ
ਫੁੱਲ ਸਿਰੋਂ, ਬਰਸੀਨ ਤੇ ਲੂਸਣ
ਨੋਕ ਕਲਮ ਦੀ
ਸਭ ਦੀ ਆਪਣੀ ਆਪਣੀ ਕੌਲੀ ਰੋਹ ਵਿਚ ਭੱਜੇ
ਸਭ ਦੀ ਵੱਖਰੀ ਜ਼ਾਤ ਸਿਫ਼ਾਤ ਨੂੰ ਦਿਲ ਦਾ ਦਾਜ ਬਣਾਵੇ
ਸਦਾ ਕੁਆਰੀ ਰਹਿ ਕੇ ਪਰ ਇਹ ਬੇਟਾ ਗੋਦ ਖਿਡਾਵੇ