ਨੀ ਸਈਓ ਮੈਂ ਤਾਂ ਰਾਂਝਣ ਦੀ ਸਾਂ

ਨੀ ਸਈਓ ਮੈਂ ਤਾਂ ਰਾਂਝਣ ਦੀ ਸਾਂ
ਖੇੜਿਆਂ ਘਰ ਕਿੰਜ ਆਈ

ਖੇੜੇ ਮੁੱਲ ਨਾ ਜਾਤਾ ਮੇਰਾ
ਦੁਨੀਆ ਇਵਜ਼ ਕਮਾਈ

ਜੇ ਰਾਂਝਣ ਸੰਗ ਟੋਰੀ ਨਾਹੀ
ਕਿਉਂ ਨਾ ਮਾਰ ਮੁਕਾਈ

ਵੰਝਲੀ ਡੋਲੀ ਨੇੜੇ ਛਿੜਦੀ
ਦੇਵੇ ਇਸ਼ਕ ਦੁਹਾਈ

ਬਾਬਲਾ ਕੈਦੋਂ ਅਜ਼ਲੋਂ ਝੂਟਾ
ਸੱਚੀ ਤੇਰੀ ਜਾਈ

ਬੇਲੇ ਦਰਸ਼ਨ ਰੰਝੇਟੇ ਦਿੱਤਾ
ਹਿਰਨ ਮੌਜ ਮਨਾਈ

ਸੁੱਚਾ ਬਾਬ ਹੈ ਬਿਰਹੋਂ ਵਾਲਾ
ਕੂੜ ਸਭਾ ਲੋਕਾਈ

ਜਦ ਕਬੀਰ ਰੰਝੇਟਾ ਮਿਲਿਆ
ਹੋਈ ਸੱਚ ਸਗਾਈ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 78 ( ਹਵਾਲਾ ਵੇਖੋ )