ਸੀ ਹਰਫ਼ੀ

ਅ - ਅਘਮ ਬੂਟਾ ਮਨ ਲਾਉਸ, ਸਦਕੇ ਵਾਰੀ ਜਾਵਾਂ ਵੋ
ਓ ਗੁਨਹਾਰੀ ਗੁਣ ਉਸ ਦਿੱਤਾ, ਕਿਉਂ ਮੈਂ ਨਾਮ ਭੁਲਾਵਾਂ ਵੋ
ਬਰਦੇ ਭਲਨਹਾਰੇ ਸਾਰੇ, ਭੁੱਲਣ ਨਾਹੀਂ ਸ਼ਾਹਵਾਂ ਵੋ
ਖ਼ਾਕ ਕਬੀਰ ਦਵਾਰ ਦੀ ਥੀਵਾਂ, ਈਓ ਮੈਂ ਸ਼ੋਹ ਰਝਾਵਾਂ ਵੋ

ਬੇ - ਬਾਲਕ ਦੇ ਮਸਤਕ ਕਾਲਕ, ਆ ਕੇ ਧੋਈ ਮੀਰਾਂ ਜੀ
ਗੁਰ ਪਾਇਆ ਜਿਸ ਪਾਰ ਲਗਾਇਆ, ਮਾਫ਼ ਹੋਈਆਂ ਤਕਸੀਰਾਂ ਜੀ
ਤਖ਼ਤ ਹਜ਼ਾਰੇ ਭਾਗ ਜਗਾਏ, ਧੰਨ ਧੰਨ ਭਾਗਣ ਹੀਰਾਂ ਜੀ
ਨਾਮ ਪੱਕਾ ਗੁਰ ਵਾਲਾ ਦਾਸ, ਕਬੀਰ ਬਣਾਇਆ ਪੀਰਾਂ ਜੀ

ਤੇ - ਤੰਦੂਰ ਇਸ਼ਕ ਦਾ ਭਖਿਆ, ਪੱਕਦੀ ਅੰਦਰ ਗੋਲੀ ਹੈ
ਨਾਂਹ ਇਹ ਕੂਕ ਪੁਕਾਰ ਕਰੇਂਦੀ, ਨਾ ਕੁੱਝ ਸ਼ਿਕਵਾ ਬੋਲੀ ਹੈ
ਤਧ ਕਬੂਲ ਕਰੀਂ ਗੁਣ ਵੰਨਤਾ, ਹੱਸ ਹੱਸ ਤੇਥੋਂ ਘੋਲ਼ੀ ਹੈ
ਕਬੀਰ ਨੂੰ ਹਾਲ ਹਜ਼ੂਰੀ ਬਖ਼ਸ਼ੋ, ਹੁਣ ਤਾਂ ਕਾਲੀ ਕੌਲੀ ਹੈ

ਦਾਲ - ਦਲਿੱਦਰ ਹਸਤੀ ਚਿੰਬੜੇ, ਗੁਰ ਜੀ ਕਰੋ ਧੁਆਈਆਂ ਰੇ
ਗੰਦਿਆਂ ਮੰਦਿਆਂ ਪਾਕੀ ਬਖ਼ਸ਼ੋ, ਤੇਰੀਆਂ ਕੱਲ੍ਹ ਸਫ਼ਾਈਆਂ ਰੇ
ਧਿਆਣ ਤੇਰੇ ਦੀ ਤਲਬ ਹਮੇਸ਼ਾ, ਮੰਗਾਂ ਵਿਚ ਦੁਾਈਆਂ ਰੇ
ਕਬਰਨ ਦਾਸ ਕਬੀਰ ਬਣਾਓ, ਸੌ ਸੌ ਅਰਜ਼ਾਂ ਪਾਈਆਂ ਰੇ

ਜ਼ਾਲ - ਜ਼ੌਕ ਗੱਲ ਤੌਕ ਬਣਾਇਆ, ਵਿਚ ਹਾਂ ਇਸ਼ਕ ਅਸੀਰੀ ਵੋ
ਉਹ ਬਖ਼ਸ਼ਿੰਦਾ ਸਾਹਿਬ ਸਾਚਾ, ਇਹ ਪਾਪਣ ਤਕਸੀਰੀ ਵੋ
ਕਾਮ ਕ੍ਰੋਧ ਹੰਕਾਰੀ ਪਾਥੀ, ਰੋੜੀ ਡਿੱਗੀ ਹੀਰੀ ਵੋ
ਸਾਰ ਕਬੀਰ ਦੀ ਪੀਰ ਜੀ ਲੈਣਾ, ਵਸੇ ਸ਼ਹਿਰ ਫ਼ਕੀਰੀ ਵੋ

ਰੇ - ਰਫ਼ਤਾਰ ਸਮੇ ਦੀ ਵੇਖੋ, ਖ਼ਬਰੇ ਕੀ ਬੀਆ ਲੱਭਦਾ ਜੇ
ਹੱਸਦਾ ਖੇਡਦਾ ਉਸ ਨਾਂਹ ਭਾਵੇ, ਵੈਰੀ ਲਗਦਾ ਸਭ ਜੇ
ਮਕਸਦ ਖ਼ਲਕਤ ਜਾਨਣ ਵਾਲਾ, ਰੁਕਦਾ ਤੱਕਦਾ ਫਬਦਾ ਜੇ
ਕਬੀਰ ਪੀਰ ਮਿਅਰਾਜ ਦੇ ਵੇਲੇ, ਮਸਤੀ ਹੇਠਾਂ ਦੱਬਦਾ ਜੇ

ਜ਼ - ਜ਼ਾਹਿਦ ਤੇ ਐਨੀ ਸ਼ਾਹਿਦ, ਹੋਇਆ ਫ਼ਰਕ ਨੁਮਾਇਆ ਈ
ਇਕ ਜ਼ਾਹਰ ਇਕ ਬਾਤਨ ਵਾਲਾ, ਰੱਖ ਰੱਖ ਨਾਲ਼ ਘੁਮਾਇਆ ਈ
ਇਕ ਕਾਲੀ ਇਕ ਸਾਹਿਬ ਹਾਲੀ, ਕਿਸ ਨੇ ਕੀ ਕਮਾਇਆ ਈ
ਉਸ ਨੂੰ ਯਾਰ ਕਬੀਰ ਸਦੇਂਦੇ, ਜਿਹੜਾ ਵਿਚ ਸਮਾਇਆ ਈ

ਸਾਲਸ ਵਿਚ ਯਾਰੀ ਕੈਦੋ, ਮਨ ਖ਼ਨਾਸ ਰਲਾਵੇ ਨੀ
ਹੀਰ ਪੀਰ ਨੂੰ ਵੱਖ ਕਰਨੇ ਨੂੰ, ਸੌ ਸੌ ਚਾਲ ਚਲਾਵੇ ਨੀ
ਲਿਹ ਮਗਰੋਂ ਇਬਲੀਸ ਸ਼ੈਤਾਨਾ, ਕੈਦੋ ਕੋਲ਼ ਬੁਲਾਵੇ ਨੀ
ਕਰੀਂ ਕਬੀਰਾ ਇਸ਼ਕ ਸਲਾਮਤ, ਲੈ ਕੇ ਵਿਚ ਕਲਾਵੇ ਨੀ

ਜੀਮ - ਜਨਮ ਸਭ ਨਾਵੇਂ ਤੇਰੇ, ਆਸ਼ਿਕ ਲਾਂਦੇ ਆਏ ਨੇਂ
ਯਾਦ ਸੱਜਣ ਦੀ ਅੰਦਰ ਹਰਦਮ, ਨੱਚਦੇ ਗਾਂਦੇ ਆਏ ਨੇਂ
ਅਬਦੀਅਤ ਵਿਚ ਮਾਅਬੂਦੀ ਦੀ, ਚੱਸ ਮਨਾਂਦੇ ਆਏ ਨੇਂ
ਜਗ ਜੁਗ ਪੈਰ ਵਸਣ ਕਬੀਰ, ਆਂਹਦੇ ਬਾਂਹਦੇ ਆਏ ਨੇਂ

ਹੇ - ਹੈਰਾਨ ਹੋਈ ਜਿੰਦ ਜਿਸ ਦਮ, ਪਾਇਆ ਭੇਦ ਨਿਆਰਾ ਸੀ
ਜਿਸ ਨੂੰ ਸਭ ਜੱਗ ਲੱਭਦਾ ਫਿਰਦਾ, ਮਨ ਵਿਚ ਓਹ ਪਿਆਰਾ ਸੀ
ਮਸਜਿਦ ਮੰਦਰ ਗਿਰਜਾ ਦਰ ਦਰ, ਸਾਰਾ ਕੂੜ ਪਸਾਰਾ ਸੀ
ਹੱਜ ਕਬੀਰ ਹੋਇਆ ਸੱਚ ਕਾਅਬੇ, ਲੱਭਿਆ ਗੁਰ ਦਾ ਦੁਆਰਾ ਸੀ

ਖ਼ੇ - ਖ਼ੁਸ਼ਬੋਈ ਵਿਚੇ ਗੋਈ, ਤਾਂ ਬਣਿਆ ਇਹ ਖ਼ਾਕਾ ਹੈ
ਬਾਹਰ ਜਾਣੇ ਸਾਹਿਬ ਅਪਣਾ, ਜੋ ਹੈਵਾਨ ਨਪਾਕਾ ਹੈ
ਮਨਣ ਤੇ ਇਹ ਜੀ ਨਾਂਹ ਚਾਹਵੇ, ਐਵੇਂ ਤੇਰਾ ਝਾਕਾ ਹੈ
ਜੀਓ ਕਬੀਰ ਹੈ ਸੰਗ ਚੰਗਿਆੜੀ, ਤਿਓ ਬੰਦੇ ਵਿਚ ਆਕਾ ਹੈ

ਤੋਏਂ - ਤੂਰ ਦਾ ਜਲਵਾ ਪਾਇਆ, ਹੀਰ ਨੇ ਤਖ਼ਤ ਹਜ਼ਾਰੇ ਵੋ
ਜਿਹੜਾ ਲੁਕਦਾ ਛੁਪਦਾ ਫਿਰਦਾ, ਦੱਸਿਆ ਵਿਚ ਬਜ਼ਾਰੇ ਵੋ
ਸੁੱਧ ਬੁੱਧ ਦਰਸ਼ਨ ਪਾ ਕੇ ਖੋਈ, ਪਾਏ ਢੇਰ ਨਜ਼ਾਰੇ ਵੋ
ਕਬੀਰ ਤਜੱਲੀਆਂ ਦੇ ਅੰਬਾਰੇ, ਹਰ ਦੇ ਵਿਚ ਉਤਾਰੇ ਵੋ

ਜ਼ੋਏਂ - ਜ਼ੁਲਮ ਅਸਾਂ ਖ਼ੁਦ ਕੀਤਾ, ਹਸਤੀ ਆਪਣੀ ਉਤੇ ਸੀ
ਆ ਕੇ ਜਾਲ਼ ਨਫ਼ਸ ਦੇ ਵਿਚ, ਖਾਦੇ ਸੌ ਲੱਖ ਜੁੱਤੇ ਸੀ
ਲੋਭ ਮੋਹ ਤੇ ਕਾਮ ਕ੍ਰੋਧ ਦੇ ਪਾਰੋਂ ਹੋ ਗਏ ਕੁੱਤੇ ਸੀ
ਵੇਲ਼ਾ ਸੀ ਉਹ ਦਰਸ਼ਨ ਵਾਲਾ, ਭੋਂਕ ਕਬੀਰਨ ਸੁੱਤੇ ਸੀ

ਆਈਨ - ਇਲਮ ਤੇ ਅਕਲ ਜ਼ਰੂਰੀ, ਤਾਹੀਓਂ ਬਿਰਹਾ ਰਚਦਾ ਹੈ
ਇਹੋ ਯਾਰ ਹਕੀਕੀ ਰਾਹ ਹੈ, ਰਖ਼ਤ ਇਹੋਂ ਈ ਬਚਦਾ ਹੈ
ਜਿਸ ਨੇ ਇਲਮ ਅਕਲ ਨਾ ਜਾਣੇ, ਤਿਸ ਕਦ ਬਿਰਹਾ ਪਚਦਾ ਹੈ
ਇਸ਼ਕ ਨਾ ਬਾਝ ਕਬੀਰ ਇਲਮ ਦੇ, ਇਹੋ ਰਸਤਾ ਸੱਚਦਾ ਹੈ

ਗ਼ਾਈਨ - ਗ਼ਰੀਬ ਕਰੀਬ ਖ਼ੁਦਾ ਦੇ, ਨੇੜੇ ਨੇੜੇ ਵਸਈਏ ਜੀ
ਆਪਣੇ ਅੰਦਰ ਜਰੀਏ ਸਖ਼ਤੀ, ਉੱਚਾ ਬੋਲ ਨਾ ਦੱਸੀਏ ਜੀ
ਜਿਥੇ ਗ਼ੈਰ ਗ਼ਰੂਰ ਹੋ ਰਹਿੰਦਾ, ਉਸ ਥਾਉਂ ਬੱਸ ਨਸਈਏ ਜੀ
ਕੱਠਿਨ ਕਬੀਰ ਫ਼ਕੀਰੀ ਰਸਤਾ, ਨਾ ਰੋਈਏ ਨਾ ਹਸੀਏ ਜੀ

ਸੀਨ - ਸਮਝ ਨੇ ਔਖਾ ਕੀਤਾ, ਪੰਧ ਕਦੀਮੀ ਵਾਲੇ ਨੂੰ
ਘੁੱਟ ਹਕੀਕਤ ਵਾਲੀ ਮਏ ਦਾ, ਮਸਤ ਹੈ ਕੀਤਾ ਬਾਲੇ ਨੂੰ
ਅਜ਼ਲਾਂ ਦੀ ਇਸ ਸੁੰਜੀ ਕੋਠੀ ਦੇ ਲਾਹਿਆ ਉਸ ਜਾਲੇ ਨੂੰ
ਗੁਰ ਕਬੀਰ ਨੂੰ ਸਾਚਾ ਮਿਲਿਆ, ਲਾਹਿਆ ਅਕਲ ਦੇ ਤਾਲੇ ਨੂੰ

ਸ਼ੀਨ - ਸ਼ੁਕਰ ਦਾ ਦਰਜਾ ਉੱਚਾ, ਟਾਂਵੇਂ ਟਾਂਵੇਂ ਕਰਦੇ ਨੇਂ
ਰੱਬ ਤੋਂ ਇਲਮ ਤੇ ਅਕਲਾਂ ਵਾਲੇ, ਹੀ ਤੇ ਉੱਕਾ ਡਰਦੇ ਨੇਂ
ਹਰ ਹਰ ਕਦਮੇ ਅੱਗੇ ਵੱਧ ਕੇ ਸ਼ੁਕਰ ਕਰੇਂਦੇ ਤਰਦੇ ਨੇਂ
ਕਬੀਰ ਜੋ ਇਸ਼ਕੋਂ ਜਿੰਦਾਂ ਵਾਰਨ, ਮਰ ਕੇ ਵੀ ਨਾ ਮਰਦੇ ਨੇਂ

ਸੁਆਦ - ਸਬਰ ਕਰ ਸਾਬਰ ਵਾਲਾ, ਜਿਸ ਫ਼ਰੀਦ ਪੁਛਾਤਾ ਹੋ
ਕੋਲ ਫ਼ਰੀਦ ਦਾ ਵਾਰਦ ਕਰਕੇ, ਤਨ ਮਨ ਰਾਹ ਵਛਾਤਾ ਹੋ
ਖਾਵਣ ਪੀਵਣ ਤੋਂ ਮਨ ਚਾ ਕੇ, ਸਾਬਰ ਪੀਰ ਰਝਾਤਾ ਹੋ
ਗੁਰਮੁੱਖ ਤੋੜ ਚੜ੍ਹਿਆ ਕਬਿਆਰੇ, ਫ਼ਿਕਰਾਂ ਪਿਆਸ ਬੁਝਾਤਾ ਹੋ

ਜ਼ਾਲ - ਜ਼ਈਫ਼ ਅਕਲ ਦਾ ਬੰਦਾ, ਬਿਰਹਾ ਤੇਜ਼ ਰਵਾਨੀ ਰੇ
ਇਸ਼ਕ ਬੁਢੇਪਾ ਇਕ ਪਲ ਨਾਹੀਂ, ਇਹੋ ਅਕਥ ਕਹਾਣੀ ਰੇ
ਅੱਜ ਤੱਕ ਜੋਬਨ ਭੱਖਦਾ ਉਸਦਾ, ਅਜ਼ਲੋਂ ਤੋਂ ਤਾਬਾਨੀ ਰੇ
ਕਰ ਕਬੀਰ ਨਵਾਂ ਗੁਰ ਆਪਣੀ ਕੀਤੀ ਨਵੀਂ ਜਵਾਨੀ ਰੇ

ਫ਼ੇ - ਫ਼ਿਰਔਨ ਗ਼ਰੂਰ ਦਾ ਪਾਂਧੀ, ਆਲਮ ਸਵਰ ਸਦਾਂਦਾ ਈ
ਮੂਸਾ ਆਜ਼ਿਜ਼ ਲਾਡ ਲਡੇਂਦਾ, ਤੂਰ ਤਜਲੀ ਪਾਂਦਾ ਈ
ਬਾਝ ਗ਼ਰੂਰ ਅਨਾਉਲ-ਹੱਕ ਕਿਹੜਾ, ਆਖ ਕੇ ਨੈਣ ਲੜਾਂਦਾ ਈ
ਇਸ਼ਕ ਇਮਾਮ ਕਬੀਰ ਅਸਾਡਾ, ਚਾ ਮਨਸੂਰ ਬਣਾਂਦਾ ਈ

ਕਾਫ਼ - ਕੁਰਆਨ ਬਾਤ ਗੁਰੂ ਦੀ, ਪੜ੍ਹ ਪੜ੍ਹ ਲੋਕਾਂ ਦੱਸੀਏ ਹਾਂ
ਉਤਲੀ ਉਤਲੀ ਗੱਲਾਂ ਕਰਕੇ, ਪੜ੍ਹਨੋਂ ਮੋਲ ਨਾ ਨਸੀਏ ਹਾਂ
ਚੱਸ ਮਨਾਈਏ ਭੇਦਾਂ ਵਾਲੀ, ਲਾ ਲਾ ਚਭਈਏ ਧਸੀਏ ਹਾਂ
ਲੱਭ ਕੇ ਮੋਤੀ ਦਾਸ ਕਬੀਰਾ, ਦਰਵੇਸ਼ਾਂ ਵਿਚ ਵੱਸੀਏ ਹਾਂ

ਕਾਫ਼ - ਕਰਮ ਦੀ ਹਾਜਤ ਰੱਖਾਂ, ਕਲੇਰ ਵਾਲੇ ਤੱਕਦਾ ਹੋ
ਰਾਹ ਮਹਿਬੂਬ ਇਲਾਹੀ ਵਾਲੇ, ਟੁਰਦਾ ਮੋਲ ਨਾ ਝੁਕਦਾ ਹੋ
ਚਿਸ਼ਤ ਨਗਰ ਹਰਦਮ ਆਬਾਦੀ, ਭੋਰਾ ਵੀ ਨਾ ਸ਼ਕਦਾ ਹੋ
ਮੰਗ ਫ਼ਰੀਦ ਕਬੀਰ ਵਸੀਲੇ, ਹੱਕ ਸੱਚ ਅੱਲ੍ਹਾਹ ਪੱਕਦਾ ਹੋ

ਲਾਮ - ਲਿਹਦ ਵਿਚ ਜਾਏ ਕਾਫ਼ਿਰ, ਮੋਮਿਨ ਕਿਹੜਾ ਮੋਇਆ ਵੋ
ਗ਼ਫ਼ਲਤ ਮੌਤ ਫ਼ਕੀਰਾਂ ਰਾਹੇ, ਉਹ ਮੋਇਆ ਜੋ ਸਿਇਆ ਵੋ
ਜਿਸ ਨੇ ਮਕਸਦ ਜੀਵਨ ਪਾਇਆ, ਨਾ ਹੱਸਿਆ ਬੱਸ ਰੋਇਆ ਵੋ
ਕਬੀਰ ਕਰੰਗੀ ਤੋਂ ਲੱਖ ਤੌਬਾ, ਡੂੰਘਾ ਗ਼ਫ਼ਲਤ ਟੋਇਆ ਵੋ

ਯੇ - ਯਲਗ਼ਾਰ ਇਸ਼ਕ ਦੀ ਹੋਈ, ਖ਼ਸ ਨਾ ਬਚਿਆ ਮੇਰਾ ਵੋ
ਤੰਨ ਮਨ ਸ਼ਾਹ ਅਸਵਾਰ ਨੇ ਲੁੱਟਿਆ, ਐਸਾ ਪਾਇਆ ਫੇਰਾ ਵੋ
ਦੂਈ ਵਾਲੀ ਹਰ ਸ਼ੈ ਮੱਕੀ, ਤਾਂ ਮਿਟਿਆ ਅੰਧੇਰਾ ਵੋ
ਛੱਟਿਆ ਕੂਕ ਕਬੀਰ ਕਰੇਂਦਾ, ਮੈਂ ਤੇਰਾ ਮੈਂ ਤੇਰਾ ਹੋ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 118 ( ਹਵਾਲਾ ਵੇਖੋ )