ਅਰਬੀ ਸੁਲਤਾਨ ਆ ਯਾਹ

ਅਰਬੀ ਸੁਲਤਾਨ ਆ ਯਾਹ
ਨੀਵੀਆਂ ਉੱਚੀਆਂ ਦੇ
ਸਭ ਫ਼ਰਕ ਆ ਯਾਹ

ਗੋਦੀ ਚੁੱਕਿਆ ਹਲੀਮਾ ਨੇਂ
ਸੋਹਣੇ ਦਾ ਨਾਂ ਸੁਣ ਕੇ
ਸਿਰ ਕੱਢ ਲੈ ਯਤੀਮਾਂ ਨੇਂ

ਸੋਹਣਾ ਪਿਆਰ ਨਿਭਾਈ ਜਾਂਦਾ
ਓ ਗਨਹਗਾਰਾਂ ਨੂੰ
ਸੀਨੇ ਨਾਲ਼ ਲਾਈ ਜਾਂਦਾ

ਦਿਲ ਇਸੇ ਮਿਲਾਏ ਨੇਂ
ਵੈਰੀ ਮੁੱਦਤਾਂ ਦੇ
ਇਕ ਜਾਨ ਕਿਰਾਏ ਨੇਂ

ਦਿੱਤਾ ਹੁਸਨ ਬਿਆਨਾਂ ਨੂੰ
ਉਹਦੇ ਅੱਗੇ ਝੁਕਣਾਂ ਪਿਆ
ਜੱਗ ਦੇ ਸੁਲਤਾਨਾਂ ਨੂੰ

ਰਾਹ ਦੱਸਿਆ ਅਸੂਲਾਂ ਦਾ
ਬਹਿੰਦਾ ਬੋਰੀਏ ਤੇ
ਸਰਦਾਰ ਰਸੂਲਾਂ ਦਾ

ਸਦਰਾ ਦਾ ਰਾਹੀ ਏ
ਅਬਦੀਆਂ ਸ਼ਾਨਾਂ ਦੀ
ਦਿੱਤੀ ਪੱਥਰਾਂ ਗਵਾਹੀ ਏ

ਉਹਦਾ ਰੁਤਬਾ ਨਾ ਕੋਈ ਤੋਲੇ
ਕਿਹੜਾ ਉਹਦੀ ਰੀਸ ਕਰੇ
ਜਧੇ ਮੂੰਹ ਵਿਚੋਂ ਰੱਬ ਬੋਲੇ

ਹੋਵੇ ਖ਼ੈਰ ਸਫ਼ੀਨੇ ਦੀ
ਮਾਨ ਗ਼ਰੀਬਾਂ ਦਾ
ਵਸੇ ਝੋਕ ਮਦੀਨੇ ਦੀ

ਰਹਿਮਤ ਦਾ ਪਹਾੜ ਦੱਸੇ
ਜੇ ਨਾ ਸੋਹਣਾ ਰੌਜ਼ਾ ਦੱਸੇ
ਸਾਰੀ ਦੁਨੀਆ ਉਜਾੜ ਦੱਸੇ

ਉਸੇ ਦੀ ਖ਼ੁਦਾਈ ਏ
ਰੱਬ ਮਹਿਬੂਬ ਲਈ
ਹਰ ਚੀਜ਼ ਬਣਾਈ ਏ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 17 ( ਹਵਾਲਾ ਵੇਖੋ )