ਖਿਡੌਣੇ

ਆਪੇ ਗੁੰਧੀਂ ਆਪੇ ਚਾਕ ਤੇ ਮਿੱਟੀ ਚਾੜ੍ਹੀਂ
ਆਪੇ ਫ਼ਿਰ ਤੂੰ ਸ਼ਕਲ ਉਸਾਰੀਂ
ਅੱਧੇ ਕੱਚੇ ਭੰਨ ਕੇ ਕੱਝ ਤੂੰ
ਰਹਿੰਦਿਆ ਨੂੰ ਜਾ ਧੁੱਪੇ ਪਾਵੀਂ
ਧੁੱਪ ਤੇ ਛਾਂ ਦੀ ਖੇਡ ਰਚਾ ਕੇ
ਅੰਦਰੋਂ ਬਾਹਰੋਂ ਅੱਗਾਂ ਲਾਵੀਂ
ਭਾਂਬੜ ਬਾਲ ਕੇ ਖ਼ੂਬ ਪਕਾਵੀਂ
ਸਾਹਵਾਂ ਅੰਦਰ ਧੂਣੀ ਲਾ ਕੇ
ਮਿੱਟੀ ਅੰਦਰ ਮੱਚ ਮਚਾ ਕੇ
ਸਾਡੇ ਅੰਦਰ ਅੱਗਾਂ ਲਾ ਕੇ
ਉਤੋਂ ਸੋਹਣੇ ਫੁੱਲ ਸਜਾਵੀਂ
ਉੱਚੀ ਥਾਂ ਤੇ ਆਪ ਲਿਜਾਵੀਂ
ਸੋਹਣੇ ਜਿਹੇ ਸ਼ੋਕੇਸ ਵਿਚ ਲਾ ਕੇ
ਚੋਖਾ ਸਾਰਾ ਮੁੱਲ ਪਵਾ ਕੇ
ਕੁੱਝ ਦਿਨ ਸਾਡੀ ਕਦਰ ਬਣਾ ਕੇ
ਫ਼ਿਰ ਤੂੰ ਆਪਣੀ ਮੌਜ ਇਚ ਆ ਕੇ
ਆਪਣੇ ਹੱਥੀਂ ਭੰਨ ਦੇਣਾ ਏਂ
ਇਹ ਕੀ ਸੋਹਣਿਆ ਕਰ ਦੇਣਾ ਏਂ