ਅੰਮ੍ਰਿਤਾ ਪ੍ਰੀਤਮ ਨੂੰ (ਨਜ਼ਮ)

ਮੁੜ ਲਿਖ ਕੋਈ ਗੀਤ ਪੰਜਾਬ ਦਾ ਤੈਨੂੰ ਆਖਣ ਪੰਜ ਦਰਿਆ
ਜਿੰਦ ਕੱਢ ਕੇ ਦਿਆਂ ਸਰੀਰ ’ਚੋਂ ਤੈਨੂੰ ਦੇਵਾਂ ਆਪਣੇ ਸਾਹ

ਤੂੰ ਹਾਲਤ ਵੇਖ ਪੰਜਾਬ ਦੀ ਇੰਜ ਕੀਤੇ ਰੱਜ ਰੱਜ ਵੈਣ
ਜਿਵੇਂ ਅਣਖੀ ਮੋਏ ਵੀਰ ਨੂੰ ਕੋਈ ਰੋਵੇ ਚੰਗੀ ਭੈਣ

ਤੇਰੇ ਹੱਡੀਂ ਦਰਦ ਵਸੇਬ ਦਾ ਤੇਰੇ ਨੈਣਾਂ ਵਿਚ ਪੰਜਾਬ
ਤੇਰੇ ਅੱਖਰ ਢਾਹੀਂ ਮਾਰਦੇ ਤੇਰੇ ਵੈਣਾਂ ਵਿਚ ਪੰਜਾਬ

ਤੂੰ ਜੋਗਣ ਦੇਸ ਪੰਜਾਬ ਦੀ ਤੇਰੇ ਹੱਥੀਂ ਪਿਆਰ ਦੀ ਬੀਨ
ਤੂੰ ਮੰਗੀ ਖ਼ੈਰ ਪੰਜਾਬ ਦੀ ਤੇਰੇ ਵੰਡੇ ਦਰਦ ਜ਼ਮੀਨ