ਸੱਜਣ ਮੇਰੇ ਵਿਹੜੇ ਵੜਿਆ ਰਾਤੀਂ

ਸੱਜਣ ਮੇਰੇ ਵਿਹੜੇ ਵੜਿਆ ਰਾਤੀਂ
ਅੱਚਣਚੇਤੀ ਸੂਰਜ ਚੜ੍ਹਿਆ ਰਾਤੀਂ

ਹੁਣ ਉਹ ਮੈਨੂੰ ਯਾਦ ਜ਼ਬਾਨੀ ਸਾਰਾ
ਉਹਨੂੰ ਅਲਫ਼ੋਂ ਯੇ ਤੱਕ ਪੜ੍ਹਿਆ ਰਾਤੀਂ

ਦਿਨ ਚੜ੍ਹਿਆ ਤੇ ਹਰ ਸ਼ੈ ਹੋ ਗਈ ਕੋਲਾ
ਦੀਵੇ ਤੇ ਇੱਕ ਤੀਲਾ ਸੜਿਆ ਰਾਤੀਂ

ਅੱਖੀਂ ਦਿਲ ਚੇਤਾ ਤੇ ਦਰਦ ਵਿਛੋੜਾ
ਸਿਰ ਤੋਂ ਪੈਰਾਂ ਤੀਕਰ ਸੜਿਆ ਰਾਤੀਂ

ਉਹਦੀ ਯਾਦ ਦੀ ਖ਼ੁਸ਼ਬੂ ਹੌਕਾ ਭਰਿਆ ਏ
ਇੰਜ ਲਗਦਾ ਸੀ ਚੇਤਰ ਚੜ੍ਹਿਆ ਰਾਤੀਂ

ਮੇਰਾ ਹੱਥ ਵੀ ਮੇਰੇ ਹੱਥ ਨਹੀਂ ਆਉਂਦਾ
ਉਹਨੇ ਮੇਰਾ ਹੱਥ ਕੀ ਫੜਿਆ ਰਾਤੀਂ