ਜਾ ਨੀ ਕੜਮਈਏ ਭੁੱਖੇ ਤਨ ਤੇ ਲੀਰ ਨਈਂ ਛੱਡੀ ਚੋਲੇ ਦੀ

ਜਾ ਨੀ ਕੜਮਈਏ ਭੁੱਖੇ ਤਨ ਤੇ ਲੀਰ ਨਈਂ ਛੱਡੀ ਚੋਲੇ ਦੀ
ਰਹਿ ਗਈ ਸੀ ਇਕ ਇਹੋ ਸਾਥੇ ਪਿਆਰ ਨਿਸ਼ਾਨੀ ਢੋਲੇ ਦੀ

ਅੱਖ ਲੱਗ ਗਈ ਤੇ ਵਿਸਰ ਜਾਸਣ ਤੈਥੋਂ ਲਗਦੇ ਲੈਂਦੇ ਵੀ
ਝੱਲੀਏ ਤੈਥੋਂ ਭੁੱਲ ਜਾਣੀ ਐਂ ਇਕ ਇਕ ਲੀਰ ਪਟੋਲੇ ਦੀ

ਸਾਰੀ ਉਮਰਾਂ ਟੁਰਦਾ ਵੱਤਿਆਂ ਮੈਂ ਪਥਰੀਲੇ ਰਸਤੇ ਤੇ
ਸੁਫ਼ਨੇ ਦੇ ਵਿਚ ਵੇਖੀ ਸੀ ਤਸਵੀਰ ਇਕ ਉੱਡਣ ਖਟੋਲੇ ਦੀ

ਕਿਹੜੇ ਹੜ੍ਹ ਵਿਚ ਲੁੜ੍ਹੀਆਂ ਰੀਤਾਂ ਵਾਰਿਸ ਦੇ ਪੰਜਾਬ ਦੀਆਂ
ਨਾ ਉਹ ਚੱਕੀ ਛੱਜ ਛਾਨਣੀ ਨਾ ਉਹ ਰੀਤ ਭੜੋਲੇ ਦੀ

ਪਤਝੜ ਦੇ ਵਿਚ ਮੇਰੇ ਵਾਂਗੂੰ ਰੁੱਖ ਦੇ ਪੀਲੇ ਪੱਤਰਾਂ ਨੂੰ
ਰਾਸ ਨਸੀਰ ਨਈਂ ਆਈ ਯਾਰੀ ਤਿੱਖੀ ਵਾਅਦੇ ਝੋਲੇ ਦੀ