ਖ਼ਿਦਮਤ ਮਾਂ ਦੀ

ਜੇ ਮਾਂ ਤੇਰੀ ਜਿਉਂਦੀ ਸੱਜਣਾਂ ਉਸ ਨੂੰ ਕਦੇ ਸਤਾਵੀਂ ਨਾ
ਫ਼ਰਜ਼ ਹੈ ਤੇਰਾ ਖ਼ਿਦਮਤ ਮਾਂ ਦੀ ਕਰ ਅਹਿਸਾਨ ਜਤਾਵੀਂ ਨਾ

ਮਾਂ ਮਰ ਜਾਓ ਸੋਚ ਸਮਝ ਕੇ ਇਕ ਇਕ ਕਦਮ ਉਠਾਵੀਂ ਤੂੰ
ਕੰਮ ਦੀ ਗੱਲ ਨੂੰ ਪੱਲੇ ਬੰਨ੍ਹ ਲਈਂ ਮੁੜ ਕੇ ਤੂੰ ਪਛਤਾਵੇਂ ਨਾ

ਮਾਂ ਕੇ ਧੋ ਕੇ ਪੈਰ ਪੀਆ ਕਰ, ਰੱਬ ਰਾਜ਼ੀ ਹੋ ਜਾਵੇਗਾ
ਮਾਂ ਦੇ ਕਦਮਾਂ ਦੇ ਵਿਚ ਜੰਨਤ ਉਸ ਨੂੰ ਤੂੰ ਠੁਕਰਾਵੀਂ ਨਾ

ਮਾਂ ਦੀਆਂ ਝਿੜਕਾਂ ਰਹਿਮਤ ਬਣ ਕੇ ਤੇਰੇ ਲਈ ਆ ਜਾਂਦੀਆਂ ਨੇਂ
ਝਿੜਕਾਂ ਜਰ ਲਈਂ ਮਾਂ ਦੀਆਂ ਹੱਸ ਕੇ ਐਵੇਂ ਤੂੰ ਘਬਰਾਵੀਂ ਨਾ

ਮਾਂ ਦੇ ਹਾੜੇ ਸਭ ਤੋਂ ਪਹਿਲੇ ਅਰਸ਼ਾਂ ਤੇ ਰੱਬ ਸੁਣਦਾ ਏ
ਜੇ ਦੁੱਖ ਆਓਏ ਮਾਂ ਦੇ ਕੋਲੋਂ ਉਸ ਨੂੰ ਕਦੇ ਲੁਕਾਵੀਂ ਨਾ

ਤੜਕੇ ਉੱਠ ਕੇ ਮਾਂ ਦਾ ਮੁਖੜਾ ਦੇਖਣਾ ਐਨ ਇਬਾਦਤ ਹੈ
ਬਦਬਖ਼ਤੀ ਹੈ ਦੂਰੀ ਮਾਂ ਤੋਂ ਉਸ ਨੂੰ ਤੂੰ ਗੱਲ ਲਾਵੀਂ ਨਾ

ਮਾਪਿਆਂ ਨੂੰ ਕੋਈ ਦੁੱਖ ਨਾ ਦੇਵੀਂ ਹੁਕਮ ਹੈ ਬਾਰੀ ਤਾਅਲਾ ਦਾ
ਮਾਪਿਆਂ ਨੂੰ ਦਬਕਾ ਕੇ ਕੀਤੀ ਕੱਤਰੀ ਖੂਹ ਵਿਚ ਪਾਵੀਂ ਨਾ

ਮਾਂ ਦੀਆਂ ਮਿਠੀਆਂ ਮਿਠੀਆਂ ਲੋਰੀਆਂ ਹਰ ਵੇਲੇ ਤੂੰ ਯਾਦ ਰੱਖੀਂ
ਦੁਨੀਆਦਾਰੀ ਦੇ ਵਿਚ ਪੈ ਕੇ ਮਾਂ ਨੂੰ ਕਦੇ ਭੁਲਾਵੀਂ ਨਾ

ਨੂਰ ਅਹਿਮਦ ਸ਼ਾਹ ਮਾਂ ਨੇ ਤੈਨੂੰ ਆਪਣੇ ਗੁਣ ਵਰਤਾਏ ਨੇਂ
ਇਹ ਗੁਣ ਨੇਂ ਸਰਮਾਇਆ ਤੇਰਾ ਇਹ ਗੁਣ ਕਦੇ ਗੰਵਾਵੀਂ ਨਾ