ਦਿਲ ਵਿਚ ਕਦੀ ਵੀ ਮੇਲ ਨਾ ਰੱਖਣੀ, ਸਾਫ਼ ਤੇ ਸੱਚੀਆਂ ਗੱਲਾਂ ਕਰਨਾ

ਦਿਲ ਵਿਚ ਕਦੀ ਵੀ ਮੇਲ ਨਾ ਰੱਖਣੀ, ਸਾਫ਼ ਤੇ ਸੱਚੀਆਂ ਗੱਲਾਂ ਕਰਨਾ
ਪਿੰਡ ਦੀਆਂ ਲੋਕਾਂ ਦੇ ਵਿਚ ਰਹਿਣਾ, ਸਿੱਧੀਆਂ ਸਿੱਧੀਆਂ ਗੱਲਾਂ ਕਰਨਾ

ਖ਼ੋਰੇ ਕੱਥੂ ਸਿੱਖ ਆਇਆ ਵੇ, ਆਦਤ ਯਾਰ ਮਨਾਨੇ ਦੀ
ਰਸ ਜਾਵਣ ਦੇ ਭਾਣੇ ਮੰਗਣਾ, ਝੱਲੀਆਂ ਝੱਲੀਆਂ ਗੱਲਾਂ ਕਰਨਾ

ਯਾਦ ਕਰੋ ਤੇ ਹਾਸਾ ਆਉਂਦਾ ਏ , ਪਹਿਲੇ ਪਹਿਲੇ ਇਸ਼ਕੇ ਤੇ
ਗੱਲ ਗਲ ਦੇ ਵਿਚ ਥੁੜ ਥੁੜ ਜਾਣਾ, ਅਧਯਿਆਂ ਅਧਯਿਆਂ ਗੱਲਾਂ ਕਰਨਾ

ਸਿਰ ਤੇ ਲੱਖ ਮੁਸੀਬਤ ਚੁੱਕ ਕੇ, ਜਾ ਬੋਹੜੀ ਦੇ ਤਲ਼ੇ ਬਹਿਣਾ
ਪੇਟੂ ਭੁੱਖੀਆਂ ਰੱਜ ਰੱਜ ਹੱਸਣਾ, ਉੱਚੀਆਂ ਲੰਮੀਆਂ ਗੱਲਾਂ ਕਰਨਾ

ਡਾਹਢੀ ਭੈੜੀ ਆਦਤ ਪਈ ਏ ਏਸ ਵਸੇਬੇ ਲੋਕਾਂ ਨੂੰ
ਆਪਣੇ ਆਪ ਦੇ ਵੱਲ ਨਾ ਤੱਕਣਾ, ਬਹਾ ਕੇ ਜੱਗ ਦੀਆਂ ਗੱਲਾਂ ਕਰਨਾ

ਪੈਰੀਂ ਸੁਖ ਦੀ ਜੁੱਤੀ ਪੂਣੀ, ਗਲੀਆਂ ਦੇ ਵਿਚ ਸਮਾ ਕੇ ਟੁਰਨਾ
ਹਰ ਕਿਸੇ ਨੂੰ ਹੱਸ ਕੇ ਮਿਲਣਾ, ਮਿੱਠੀਆਂ ਮਿੱਠੀਆਂ ਗੱਲਾਂ ਕਰਨਾ

ਆਉਣ ਵਾਲੇ ਵੇਲੇ ਕੋਲੋਂ, ਉਂਜੇ ਡਰਿਆ ਡਰਿਆ ਰਹਿਣਾ
ਉਂਜੇ ਬੁਝਿਆ ਬੁਝਿਆ ਰਹਿਣਾ, ਢੱਠੀਆਂ ਢੱਠੀਆਂ ਗੱਲਾਂ ਕਰਨਾ

ਕਾਬਲਾ ਸਾਈਂ! ਜੱਗ ਦੇ ਕੋਲੋਂ, ਤੇਰਾ ਦੁੱਖ ਕਈ ਵੱਖਰਾ ਨਈਂ
ਇਹ ਕੀ ਮੁੜ ਮੁੜ ਹੁੱਕਾ ਪੈਣਾ, ਬਲਦੀਆਂ ਭਖਦੀਆਂ ਗੱਲਾਂ ਕਰਨਾ

ਹਵਾਲਾ: ਅਪਾਰ, ਸਾਂਝ; ਸਫ਼ਾ 121 ( ਹਵਾਲਾ ਵੇਖੋ )