ਪਲ ਦੋ ਪਲ ਦੀ ਖੇਡ ਨਿਕੰਮੀ ਜਾਲੇ ਦਰਦ ਵਿਛੋੜੇ ਕੌਣ

ਪਲ ਦੋ ਪਲ ਦੀ ਖੇਡ ਨਿਕੰਮੀ ਜਾਲੇ ਦਰਦ ਵਿਛੋੜੇ ਕੌਣ
ਜ਼ਿੰਦਗੀ ਤੇਰੀ ਖ਼ਾਤਿਰ ਬਹਿ ਕੇ ਦਿਲ ਦਾ ਖ਼ੂਨ ਨਿਚੋੜੇ ਕੌਣ

ਕਲਿਆਂ ਬੈਠੇ ਰੋ ਰੋ ਅਸੀਂ, ਆਪੇ ਚੁੱਪ ਹੋ ਜਾਉਂਦੇ ਆਂ
ਕੌਣ ਦਿਲਾਸਾ ਦੇਵੇ ਸਾਨੂੰ, ਗ਼ਮ ਦਾ ਜ਼ੋਰ ਤਰੋੜੇ ਕੌਣ

ਜ਼ਿੰਦਗੀ ਸਾਡੇ ਕੋਲੋਂ ਤੇਰੇ ਰੋਜ਼ ਤਜਰਬੇ ਹੁੰਦੇ ਨਈਂ
ਨੰਗਿਆਂ ਪੈਰੀਂ ਰੋਜ਼ ਨਵਾਂ ਹਿੱਕ ਰਸਤਾ ਫੜ ਕੇ, ਛੋੜੇ ਕੌਣ

ਏਸ ਵਸੇਬੇ ਸਾਰੇ ਲੋਕੀ ਲੰਮੀਆਂ ਸੋਚ ਕੇ ਬੈਠੇ ਨੇ
ਪਲ ਦੋ ਪਲ ਲਈ ਨਾਲ਼ ਅਸਾਡੇ, ਦਿਲ ਦਾ ਰਿਸ਼ਤਾ ਜੋੜੇ ਕੌਣ

ਅਸੀਂ ਗੂੰਗੇ ਅੱਖੀਆਂ ਦੇ ਵਿਚ, ਕੀ ਕੀ ਲੈ ਕੇ ਫਿਰਨੇ ਆਂ
ਸਾਡੇ ਕੌਲ ਤੇ ਸਾਡੀਆਂ ਗੱਲਾਂ, ਕੱਧਾਂ ਨਾਲ਼ ਚਿਮੋੜੇ ਕੌਣ

ਸਾਡੀ ਸਘੜੀ ਘੁੱਟ ਨਾ ਛੋੜੇ, ਚੁੱਪ ਨਿਖੱਤਰੀ ਅੰਦਰੇ ਦੀ
ਜਿੱਭੇ ਉੱਤੇ ਲੱਗੇ ਤਰੋਪੇ ਨੋਹਵਾਂ ਨਾਲ਼ ਅੱਧੋੜੇ ਕੌਣ

ਅੱਜ ਵੀ ਓਹਾ ਧਰਤੀ ਉੱਤੇ, ਮਨ ਮਾਨੀ ਏ ਲੋਕਾਂ ਦੀ
ਰਾਜ ਕੁਮਾਰ ਦੇ ਲੱਗੇ ਘੋੜੇ, ਫ਼ਸਲਾਂ ਵਿਚੋਂ ਮੋੜੇ ਕੌਣ

ਅਸੀਂ ਮੱਠੇ ਸਾਡਾ ਕੀ ਏ, ਝੇੜਾ ਝਗੜਾ ਵੇਲੇ ਨਾਲ਼
ਓ ਮੂੰਹ ਜ਼ੋਰ ਹਵਾ ਦਾ ਘੋੜਾ, ਉਸ ਦੇ ਪਿੱਛੇ ਦੌੜੇ ਕੌਣ

ਕਾਬਿਲ ਸਾਈਂ! ਕਿੱਥੇ ਕਿੱਥੇ ਅਸੀਂ ਪੂਰੇ ਉਤਰਾਂ ਗੇ
ਅੰਦਰੋ ਅੰਦਰੀ ਲੈ ਗਿਆ ਸਾਨੂੰ, ਕਰਕੇ ਥੋੜੇ ਥੋੜੇ ਕੌਣ

ਹਵਾਲਾ: ਅਪਾਰ, ਸਾਂਝ; ਸਫ਼ਾ 113 ( ਹਵਾਲਾ ਵੇਖੋ )