ਦਰਦ ਅੱਵਲੇ

ਰੱਬਾ
ਸੋਹਣਿਆ ਰੱਬਾ
ਇਹ ਤੇਰਾ ਬੰਦਾ
ਜਿਹੜਾ ਕਦੀ ਤੇਰਾ ਨਾਇਬ ਅਖਵਾਂਦਾ ਹਾ
ਅੱਜ ਇਹਨੂੰ ਲੱਗ ਗਏ ਹਨ
ਦਰਦ ਅੱਵਲੇ
ਰੰਗ ਬਰੰਗੇ ਦਰਦ
ਜਿਹਨਾਂ ਉਤੇ ਅੰਗੂਰ ਨਹੀਂ ਆਉਂਦਾ
ਇਹ ਦਰਦ ਅੱਵਲੇ
ਸਦਾਬਹਾਰ ਦਰਦ
ਇਨ੍ਹਾਂ ਦਰਦੀਂ ਦਾ ਮਾਰਿਆ
ਜ਼ਹਿਰਾਂ ਫੱਕਦਾ
ਅਤੇ ਆਪਣੀ ਕੰਨਪਟੀ ਉੱਤੇ ਰੱਖ ਕੇ ਪਿਸਤੌਲ
ਘੋੜਾ ਦੱਬ ਡੇਂਦਾ ਏ
ਮੇਰਿਆ ਸੋਹਣਿਆ ਰੱਬਾ
ਇਹ ਕਦੋਂ ਤਕ
ਇਨ੍ਹਾਂ ਦਰਦਾਂ ਥੱਲੇ
ਦੱਬਿਆ ਰਹਿਸੀ
ਇਹ ਕਦੋਂ ਤੱਕ ਜ਼ਹਿਰਾਂ ਫੱਕਦਾ ਰਹਿਸੀ
ਅਤੇ ਕਦੋਂ ਤੱਕ ਇਹਦੇ ਜਾਤਕ
ਜਿਹੜੇ ਤੇਰੇ ਫ਼ਨ ਦਾ
ਬਹੁੰ ਉੱਚਾ ਤੇ ਸੁੱਚਾ ਨਮੂਨਾ ਹਨ
ਡੂਜਿਆਂ ਤੇ ਹੱਥਾਂ ਅਲ
ਡੇਖਦੇ ਰਹਿਸਨ
ਮੇਰਿਆ ਸੋਹਣਿਆ ਰੱਬਾ
ਇਹ ਤੇਰੇ ਬੰਦੇ
ਜਿਹਨਾਂ ਨੂੰ ਤੂੰ
ਅਸ਼ਰਫ਼ ਉਲ ਮਖ਼ਲੂਕਾਤ ਹੋਵਣ ਦਾ
ਲੋਭ ਡਿਤਾ ਆਹੀ
ਕਦੋਂ ਤਕ
ਇਨ੍ਹਾਂ ਅੱਵਲਿਆਂ ਦਰਦਾਂ ਇਚ
ਫਾਤੇ ਰਹਿਸਨ
ਮੇਰਿਆ ਸੋਹਣਿਆ ਰੱਬਾ
ਮੇਰਿਆ ਸੋਹਣਿਆ ਰੱਬਾ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 19 ( ਹਵਾਲਾ ਵੇਖੋ )