ਰੱਖਣੇ ਫੁੱਲ ਕਿਤਾਬਾਂ ਦੇ ਵਿਚ

ਰੱਖਣੇ ਫੁੱਲ ਕਿਤਾਬਾਂ ਦੇ ਵਿਚ
ਪਾਉਣੀ ਜਿੰਦ ਅਜ਼ਾਬਾਂ ਦੇ ਵਿਚ

ਆਟਾ ਲੂਣ ਨਹੀਂ ਪੂਰਾ ਹੋਣਾ
ਨਾ ਪੌ ਐਡ ਹਿਸਾਬਾਂ ਦੇ ਵਿਚ

ਬਾਗਾਂ ਉਤੇ ਛਾਈ ਉਦਾਸੀ
ਮਹਿਕ ਨਾ ਰਹੀ ਗੁਲਾਬਾਂ ਦੇ ਵਿਚ

ਭੁੱਲ ਭੁਲਾ ਬੈਠੇ ਨੇਂ ਉਹ ਵੀ
ਮਿਲਦੇ ਸਨ ਜੋ ਖ਼ਾਬਾਂ ਦੇ ਵਿਚ

ਕੋਈ ਵੀ ਕੰਮ ਦੀ ਗੱਲ ਨਹੀਂ ਹੁੰਦੀ
ਆਏ ਹੋਏ ਜਵਾਬਾਂ ਦੇ ਵਿਚ

ਲੈ ਕੇ ਬਹਿ ਗਈ ਬੇ ਯਕੀਨੀ
ਰਸ ਨਾ ਰਿਹਾ ਸਵਾਬਾਂ ਦੇ ਵਿਚ

ਰਾਜਾ ਦੁਨੀਆ ਕਮਲੀ ਹੋ ਗਈ
ਪੈ ਗਈ ਨਵੇਂ ਅਜ਼ਾਬਾਂ ਦੇ ਵਿਚ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 92 ( ਹਵਾਲਾ ਵੇਖੋ )