ਘਿਰੀ ਦੇ ਵਿਚ ਬੀੜੀ ਦੂਰ ਕਿਨਾਰਾ, ਕੀ ਕਰੀਏ

ਘਿਰੀ ਦੇ ਵਿਚ ਬੀੜੀ ਦੂਰ ਕਿਨਾਰਾ, ਕੀ ਕਰੀਏ
ਮੌਤ ਖਲੋਤੀ ਖੋਲ ਕੇ ਬਾਂਹਵਾਂ ਚਾਰਾ, ਕੀ ਕਰੀਏ

ਆਖਣ ਵੀ ਨਹੀਂ ਹੁੰਦਾ ਬੇ ਅਤਬਾਰਾ, ਕੀ ਕਰੀਏ
ਲਾ ਜਾਂਦਾ ਏ ਰੋਜ਼ ਨਵਾਂ ਇਕ ਲਾਰਾ, ਕੀ ਕਰੀਏ

ਇਕਲਾਪੇ ਦਾ ਡੰਗਿਆ, ਸੁਣ ਕੇ ਤੇਰੇ ਜਾਵਣ ਦਾ
ਸਹਿਮ ਗਿਆ ਏ, ਦਿਲ ਇਹ ਦਰਦਾਂ ਮਾਰਾ, ਕੀ ਕਰੀਏ

ਮਹਿੰਗ ਸਮੇ ਨੇ ਜੀਣ ਦਾ ਹੱਕ ਵੀ ਖੋਹ ਲਿਆ ਲੋਕਾਂ ਤੋਂ
ਮਿਲਦਾ ਨਹੀਂ ਕਦੇ ਵੀ ਸੁਖ ਉਧਾਰਾ, ਕੀ ਕਰੀਏ

ਗੱਲ ਗਲ ਵਿਚੋਂ ਜਿਹੜਾ ਲੜਨ ਬਹਾਨੇ ਲੱਭਦਾ ਏ
ਦੱਸੋ ਇਸੇ ਉਖੜ ਨਾਲ਼ ਗੁਜ਼ਾਰਾ, ਕੀ ਕਰੀਏ

ਇਸ ਵਾਰੀ ਤੇ ਸ਼ਾਹਿਦ ਦਿਲ ਵੀ ਹਿੰਮਤ ਹਾਰ ਗਿਆ
ਚੁੱਕ ਨਹੀਂ ਹੁੰਦਾ ਹਿਜਰ ਦਾ ਪੱਥਰ ਭਾਰਾ, ਕੀ ਕਰੀਏ