ਕੂੜੇ ਕੱਪੜੇ ਤੇ ਮਿੱਟੀ ਰੰਗ ਮੇਰਾ

ਛਾਵੇਂ ਬਹਿ ਗਏ ਅਸੀਂ ਤੇ ਦਰਖ਼ਤ ਕੋਈ ਲੈ ਗਿਆ
ਸੂਰਜ ਘਰ ਰੱਖਿਆ
ਤੇ ਰਾਤੀਂ ਕੋਈ ਲੈ ਗਿਆ
ਘੋੜੇ ਖ਼ਵਾਬਾਂ ਦੀ ਜਾਗਦੀ ਅੱਖ
ਬੰਦੇ ਮਰ ਜਾਂਦੇ ਮਿੱਟੀ ਜਦੋਂ ਇਕਰਾਰ ਕਰਦੀ
ਮੈਂ ਰੱਬ ਦੀ ਬਣਦੀ
ਕਾਹਨੂੰ ਕੁਰਲਾਂਦੀ

ਮਾਏ ਨੀ ਮਾਏ
ਤੇਰੇ ਕੱਪੜੇ ਮੈਨੂੰ ਛੋਟੇ ਪੇ ਗਏ
ਕਿਉਂ ਮੌਸਮ ਨੂੰ ਚੁਣ ਚਖੇ
ਅੱਖਾਂ ਰਾਜ਼ ਬਣ ਸੂਲੀ ਚੜ੍ਹੀਆਂ
ਰਸਤਿਆਂ ਨੂੰ ਮੇਰੀ ਮੌਤ ਆਈ
ਵੇਹੜਿਆਂ ਦੇ ਰਾਜ਼ ਬੋਲੇ
ਗਲੀਆਂ ਪਹਿਰ ਕਮਾਂਦੀਆਂ

ਚੰਨ ਦੀ ਉਦਾਸੀ ਮੌਤ ਏ
ਅੱਜ ਇਹ ਮੇਰੇ ਰੱਬ ਬਣ ਬੈਠੇ
ਅੱਖਾਂ ਧੁਖ਼ਦੀਆਂ ਨੇਂ
ਪੈਰ ਸੜਦੇ ਨੇਂ
ਮੇਰੇ ਸਾਹ ਕਿੱਥੇ ਰਹਿ ਗਏ ਨੇਂ
ਮੈਂ ਮੱਚ ਪਈ ਤੇ ਤੋਂ ਸੜ ਜਾਵੇਂਗਾ
ਮੈਂ ਡਿੱਗ ਪਈ ਤੇ ਤੋਂ ਘੱਟ ਹੋ ਜਾਵੇਂਗਾ

ਮੈਨੂੰ ਉਹਨੇ ਕੈਦ ਦੀ ਆਖ਼ਰੀ ਸਲਾਖ਼ ਤੇ ਲਿਖ ਛੱਡਿਆ ਏ
ਇਸੀ ਚਾਰ ਪੈਰਾਂ ਨਾਲ਼ ਟੁਰੇ ਸਾਂ
ਤੇ ਦੋ ਗੱਲਾਂ ਭੁੱਲ ਗਏ ਸਾਂ

ਸ਼ਾਖ਼ਾਂ ਅੱਗ ਦੇ ਕੱਪੜੇ ਪਾ ਕੇ ਘੱਟ ਹੋ ਚੱਲੀਆਂ ਨੇਂ
ਆਪਣੀ ਅੱਗ ਕਦੀ ਨਹੀਂ ਥੱਕੀ ਦੀ
ਪਰ ਜ਼ਿੰਦਗੀ ਰਾਤ ਲੁਕਾਏ
ਕਿੱਥੇ ਛੱਡਿਆ ਮੇਰਾ ਘਰ ਪੁਰਾਣਾ
ਮੈਨੂੰ ਕੂੜੇ ਵਾਂਗਰ ਬਾਲ ਛੱਡੋ

ਤੇ ਅੱਖ ਦਾ ਨਗਰ ਰਾਜ਼ ਦੱਸੋ
ਅਖ਼ੇ ਉਜੜੀ ਆਂ ਨਾਲੇ ਸੱਜਰੀ ਆਂ

ਮੈਂ ਤੇ ਅੱਖੀਂ ਨਹਿਰ ਪਰੂਣੀ ਆਂ
ਇਹ ਬਦਨ ਤੇ ਨਿਰਾ ਪਟੋਲਾ ਜੇ
ਮੈਂ ਫਲ ਵੰਡਣ ਚਲੀ ਸਾਂ
ਤੇ ਉਹ ਕਚਹਿਰੀ ਲਾ ਬੈਠੇ

ਉਹ ਕਬਰ ਵਿਚੋਂ ਕੱਢ ਕੇ ਪੁੱਛਦੇ ਨੇਂ
ਕਦੋਂ ਤੇ ਕਿਥੋਂ ਕਿਥੋਂ ਮਰੀ ਸੀਂ

ਮੈਂ ਹੱਸ ਕੇ ਫਲੌਂਡ ਦਿੱਤੇ
ਪਰ ਸ਼ਾਖ਼ ਤੋਂ ਟੁੱਟੇ ਲੋਕੀ
ਮੇਰੀਆਂ ਹੀ ਫੁੱਲਾਂ ਨਾਲ਼ ਮਰ ਗਏ
ਤੇ ਮੈਨੂੰ ਜ਼ਮੀਨ ਦੀ ਚੌਕੀਦਾਰੀ ਤੇ ਰੱਖ ਗਏ
ਹੱਥ ਵਿਚ ਸਾਰੇ ਸੂਰਜ ਮੈਨੂੰ ਚੋਹਨਡਿਆਂ ਵਡ਼ਦੇ ਨੇਂ

ਦੁੱਖਾਂ ਦੀ ਬੀਨ ਤੇ ਅੱਖ ਦੀ ਪਟਾਰੀ
ਕੂੜੇ ਕੱਪੜੇ ਤੇ ਮਿੱਟੀ ਰੰਗ ਮੇਰਾ
ਚੁੱਪ ਮੇਰੀ ਨੇ ਵੇਖੇ
ਦਰਿਆ ਪਏ ਮਰਦੇ

ਮਾਏ ਨੀ ਮਾਏ
ਜਦੋਂ ਤੇਰੇ ਘਰ ਸੂਰਜ ਰਹਿਣ ਆਇਆ
ਉਦੋਂ ਤੇਰੇ ਬੂਹੇ ਚੰਨ ਵਿਕਿਆ
ਜਦੋਂ ਸੱਪ ਨੇ ਤੈਨੂੰ ਡੰਗਿਆ
ਤੇ ਮੈਂ ਪਟਾਰੀ ਵਿਚੋਂ ਨਿਕਲ ਆਈ

ਮਾਏ ਨੀ ਮਾਏ
ਅਸਾਂ ਰਲ਼ ਕੇ ਉਮਰਾਂ ਦੀ ਬੀਨ ਵਜਾਈ
ਤੇ ਕਬਰ ਤੱਕ ਜ਼ਿੰਦਗੀ ਨੂੰ ਮਸਤ ਰੱਖਿਆ
ਹੱਥਾਂ ਤੋਂ ਡੱਲਾ ਪਏ ਬਣਦੇ
ਮੈਂ ਤੇਰੀ ਇਕ ਰਾਤ ਦੀ ਲੂਤੀ ਆਂ
ਫ਼ਿਰ ਕਿਉਂ ਵਾਲ਼ ਲੰਮੇ ਕਰੀ ਜਾਨੀ ਐਂ

ਮੇਰਾ ਨਾਂ ਰੱਖ ਕੇ ਤੂੰ ਤੇ ਵੰਡੀ ਗਈ ਐਂ
ਮੈਂ ਤੈਨੂੰ ਨਿੰਦਰ ਵਿਚ ਨਹੀਓਂ ਸੌਣ ਦਿਨਾਂ