ਵਾਹਗੇ ਪਾਰ ਵਸੇਂਦੇ ਇਕ ਸੱਜਣ ਦੇ ਨਾਂ

ਮੁੜ ਅੱਜ ਯਾਦ ਕਿਸੇ ਦੀ ਆਈ
ਆਈ ਯਾਦ ਕਿਸੇ ਦੀ
ਲੂੰ ਲੂੰ ਦੇ ਵਿਚ ਧਾਈ ਯਾਦ ਕਿਸੇ ਦੀ
ਆਈ ਯਾਦ ਕਿਸੇ ਦੀ

ਯਾਦ ਕਿਸੇ ਦੀ ਰਾਸ ਦਿਲੇ ਦੀ
ਇਸੇ ਰਾਸੋਂ ਵਟਕ ਹੋਈ ਸੀ ਲਟਕ ਕਿਸੇ ਦੀ
ਇਸੇ ਲਟਕੋਂ ਮੁੜ ਅੱਜ ਤੁਰ ਗਈ
ਡੱਬੀ ਹੋਈ ਰਾਸ ਕਿਸੇ ਦੀ
ਰਾਸ ਕਿਸੇ ਦੀ
ਆਈ ਯਾਦ ਕਿਸੇ ਦੀ

ਵਿਛੜੇ ਸੱਜਣ ਯਾਦ ਜਾਂ ਆਉਣ
ਅੱਖਾਂ ਵਿਚ ਅੱਥਰੂ ਫੇਰੇ ਲਾਵਣ
ਹਰ ਅੱਥਰੂ ਦੇ ਸ਼ੇਸ਼ ਮਹਿਲ ਵਿਚ
ਦੱਸਣ ਆਸਾਂ ਡਿੱਕੀਆਂ ਹੋਈਆਂ
ਕਿਦਾਂ ਕੁੱਟ ਕੱਟ ਥੱਕੀਆਂ ਹੋਈਆਂ
ਉਦਰੇਵੇਂ ਪਏ ਤਰਲੇ ਲੈਂਦੇ
ਕਾਹਲ਼ਾਂ ਕਰਦੇ ਸੌੜੇ ਪੈਂਦੇ
ਇਨ੍ਹਾਂ ਕਾਹਲ਼ਾਂ ਸੌੜਆਂ ਹੱਥੋਂ
ਅੱਖ ਝਮਕਣ ਵਿਚ
ਸ਼ੇਸ਼ ਮਹਿਲ ਪਏ ਢਹਿੰਦੇ
ਸਜੀਆਂ ਅੱਖਾਂ
ਸਜੀਆਂ ਪਲਕਾਂ
ਪਲਕਾਂ ਦੇ ਵਿਚ ਰੱਤ ਦੀਆਂ ਡਲ੍ਹਕਾਂ
ਬਲਦੇ ਹਾਵੇ
ਠੰਢੇ ਹੋ ਕੇ
ਇਕ ਮੁੱਕ ਹੁੰਦੇ ਹਾੜ੍ਹ ਤੇ ਸਾਵਣ
ਵਿਛੜੇ ਸੱਜਣ ਯਾਦ ਜਾਂ ਆਉਣ

ਮੁੜ ਅੱਜ ਯਾਦ ਕਿਸੇ ਦੀ ਆਈ
ਆਈ ਯਾਦ ਕਿਸੇ ਦੀ
ਲੂੰ ਲੂੰ ਦੇ ਵਿਚ ਧਾਈ ਯਾਦ ਕਿਸੇ ਦੀ
ਆਈ ਯਾਦ ਕਿਸੇ ਦੀ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 53 ( ਹਵਾਲਾ ਵੇਖੋ )