ਅੱਜ ਤੱਕ ਮੈਨੂੰ ਯਾਦ ਏ ਤੇਰਾ ਮਿਲਣਾ ਜਾਂਦੀ ਵਾਰੀ
ਅੱਖ ਵਿਚ ਸਕਾਂ, ਦਿਲ ਵਿਚ ਸਕਾਂ, ਲੂਂ ਲੂਂ ਦੇ ਵਿਚ ਸਕਾਂ
ਲਾਲ਼ਾ ਬੁਲ੍ਹਿਆਂ ਦੇ ਵਿਚ ਬੁਲ੍ਹਿਆਂ, ਹੱਕਾਂ ਦੇ ਨਾਲ਼ ਹੱਕਾਂ
ਲਾਮ ਤੇ ਤੇਰੇ ਜਾਂਦੀ ਵਾਰੀ, ਜਦ ਵੰਡੀਆਂ ਸਨ ਛਿੱਕਾਂ
ਦੋ ਦਿਲਾਂ ਦੇ ਜਜ਼ਬੇ ਦੀ ਉਹ ਸੌੜ ਉਹ ਆਪ ਮੁਹਾਰੀ
ਅੱਜ ਤੱਕ ਮੈਨੂੰ ਯਾਦ ਏ ਤੇਰਾ ਮਿਲਣਾ ਜਾਂਦੀ ਵਾਰੀ
ਡੁੰਘੇ ਸਾਹ ਲੈ ਲੈ ਕੇ ਤੇ ਅੱਖੀਆਂ ਵਿਚ ਅੱਖੀਆਂ ਪਾਨਾ
ਅੱਖੀਆਂ ਵਿਚ ਅੱਖੀਆਂ ਪਾ ਪਾ ਕੇ ਤਾਂਘਾਂ ਨੂੰ ਹੋਰ ਜਗਾਂਾ
ਕਿਸੇ ਖ਼ਿਆਲੋਂ ਕੰਬ ਕੇ ਮੇਰਾ ਪਲਕਾਂ ਨੂੰ ਝਮਕਾਨਾ
ਨਿੱਕੇ ਨਿੱਕੇ ਹਨਕੋਰੇ ਭਰ ਭਰ ਦੱਸਣੀ ਬੇਕਰਾਰੀ
ਅੱਜ ਤੱਕ ਮੈਨੂੰ ਯਾਦ ਏ ਤੇਰਾ ਮਿਲਣਾ ਜਾਂਦੀ ਵਾਰੀ
ਗਲੇ ਲੱਗ ਲੱਗ ਕੇ ਵਿਦਿਆ ਹੋਣਾ, ਰਹਿ ਰਹਿ ਕੇ ਗਲ ਲੱਗਣਾ
ਦਿਲ ਦੀਆਂ ਦਿਲ ਵਿਚ ਰਹੀਆਂ ਦਾ ਮੁੜ ਹੰਝੂ ਬਣ ਬਣ ਵਗਣਾ
ਆਪੇ ਵਿਚ ਤਸੱਲੀਆਂ ਦੇ ਦੇ ਹੱਥੋਂ ਹੋਰ ਵੀ ਠੱਗਣਾ
ਰੱਬ ਹਵਾਲੇ ਇਕ ਦੂਜੇ ਨੂੰ ਕਰਨਾ ਵਾਰਾ ਵਾਰੀ
ਅੱਜ ਤੱਕ ਮੈਨੂੰ ਯਾਦ ਏ ਤੇਰਾ ਮਿਲਣਾ ਜਾਂਦੀ ਵਾਰੀ
ਸੁਣਿਆ ਮੁੱਕ ਪਏ ਹਿੱਕ ਪੈਂਡੇ, ਸੁਣਿਆ ਟੁੱਟ ਗਈਆਂ ਹਨ ਲਾਮਾਂ
ਆ ਮਾਹੀ ਝਬ ਆ, ਮੈਂ ਮੁਨੀਆਂ ਹੋਈਆਂ ਕੋਈ ਸਲਾਮਾਂ
ਨੈਣ ਪਕਾਏ ਤੇਰਾ ਰਾਹ ਤੱਕ ਤੱਕ ਕੇ ਅਸਾਂ ਗ਼ੁਲਾਮਾਂ
ਆ ਹੁਣ ਬੋੜ੍ਹ ਕਿਤੋਂ ਮੈਂ ਅੱਗੇ ਡਿੱਠੀ ਬਹੁਤ ਲਚਾਰੀ
ਆ ਮਾਹੀ ਹੁਣ ਭਾਰੀ ਲਗਦੀ ਉਹ ਬੁਰਾ ਦੀ ਖਾਰੀ
ਜਿਹੜੀ ਰੱਖ ਗਿਆ ਸੀਂ ਮੇਰੇ ਸਿਰ ਤੇ ਜਾਂਦੀ ਵਾਰੀ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 45 ( ਹਵਾਲਾ ਵੇਖੋ )