ਸੋਚਨਾ ਵਾਂ ਦੁਨੀਆ ਨੂੰ ਕੇਹੀ ਵਗ ਗਈ ਏ
ਇਕੋ ਜਿਹੀ ਹਰ ਪਾਸੇ ਅੱਗ ਲੱਗ ਗਈ ਏ

ਲੋਟੀਆਂ ਨੇਂ, ਵਾਢੀਆਂ ਨੇਂ, ਦੰਗੇ ਨੇਂ, ਫ਼ਸਾਦ ਨੇਂ
ਭੈੜ ਦੀਆਂ ਪੱਟੀਆਂ ਦੇ ਸਬਕ ਹੋਏ ਯਾਦ ਨੇਂ
ਬੁਡਿਆਂ ਨੂੰ ਮਾਰਨਾ
ਬੱਚਿਆਂ ਨੂੰ ਨੇਜ਼ੇ ਉਤੇ ਚਾੜ੍ਹਨਾ
ਭੋਲੇ ਭਾ ਜਾਂਦਿਆਂ ਦਾ
ਛੁਰੀਆਂ ਦੇ ਨਾਲ਼ ਢਿੱਡ ਪਾੜਨਾ
ਕੁਲੀਆਂ ਨੂੰ ਫੂਕ ਕੇ ਤੇ ਵਸਦੇ ਉਜਾੜਣਾ
ਮਜ਼ਹਬਾਂ ਦੀ ਅੱਗ ਵਿਚ ਮਜ਼ਹਬਾਂ ਨੂੰ ਸਾੜਨਾ
ਸੋਚਨਾਂ ਵਾਂ ਹਰ ਕੋਈ ਧੀਆਂ ਭੈਣਾਂ ਵਾਲਾ ਏ
ਧੀਆਂ ਭੈਣਾਂ ਦਾ ਈ ਹਰ ਪਾਸਿਓਂ ਮਕਾਲਾ ਏ
ਮੇਰੀ ਏ ਕਿ ਤੇਰੀ ਏ, ਧੀ ਮੁੜ ਧੀ ਏ
ਧੀਆਂ ਵਿਚ ਦੱਸੋ ਖ਼ਾਂ ਨਖੇੜ ਭਲਾ ਕੀ ਏ
ਧੀਆਂ ਦੇ ਪੇ ਲਿੰਗ ਲਹਿਣ ਕੇਹੀ ਝੱਲ ਪਈ ਏ
ਸੋਚਨਾਂ ਵਾਂ ਦੁਨੀਆ ਨੂੰ ਕੀ ਵਗ ਗਈ ਏ

ਹਾਣੀਆਂ ਦਾ ਦਰਦ ਏ ਨਾ ਵੱਡਿਆਂ ਦੀ ਸ਼ਰਮ ਏ
ਨਡਿਆਂ ਤੇ ਮਿਹਰ ਏ, ਨਾ ਨਡਿਆਂ ਤੇ ਕਰਮ ਏ
ਤੀਵੀਆਂ ਦਾ ਸਤਰ ਏ ਨਾ ਮਾਵਾਂ ਦਾ ਈ ਭਰਮ ਏ
ਵੱਖਰਾ ਈ ਕੱਢ ਲਿਆ ਬੰਦਿਆਂ ਨੇ ਧਰਮ ਏ
ਇੱਕੋ ਜਿਹੀ ਸਭਨਾਂ ਨੇ ਘੋਲ਼ ਪੀ ਲਈ ਏ
ਸੋਚਨਾ ਵਾਂ ਦੁਨੀਆ ਨੂੰ ਕੇਹੀ ਵਗ ਗਈ ਏ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 49 ( ਹਵਾਲਾ ਵੇਖੋ )