ਆਜਾ ਪਿਆਰਿਆ ਆ ਮੇਰੇ ਕੋਲ਼ ਬਹਿ ਜਾ

ਆਜਾ ਪਿਆਰਿਆ ਆ ਮੇਰੇ ਕੋਲ਼ ਬਹਿ ਜਾ
ਅੱਜ ਜੀ ਭਰ ਕੇ ਗੱਲਾਂ ਕਰ ਲਈਏ

ਏਸ ਜਿੰਦੜੀ ਤੇ ਕੱਖ ਕੰਡਿਆਂ ਤੋਂ
ਜੋ ਕੁਝ ਲੱਭ ਸਕੇ ਝੋਲ਼ੀ ਭਰ ਲਈਏ

ਉਮਰ ਚੱਕਰਾਂ ਦੇ ਵਿਚ ਬੀਤ ਚਲੀ
ਆ ਜਾ ਅੱਜ ਤੇ ਰੱਜ ਕੇ ਬਹਿ ਲਈਏ

ਗੱਲਾਂ ਕੀਤੀਆਂ ਨੇਂ ਜਿਹੜੀਆਂ ਸੌ ਵਾਰੀ
ਉਹੋ ਇੱਕ ਵਾਰੀ ਹੋਰ ਕਹਿ ਲਈਏ

ਦੁੱਖ ਹਿਜਰ ਤੇ ਵਸਲ ਦੇ ਲੱਖ ਸਹੇ
ਜਿਹੜੇ ਨਹੀਂ ਸਹੇ ਉਹ ਵੀ ਸਹਿ ਲਈਏ

ਕਦੀ ਰੋ ਕੇ ਕਹਿਕਹੇ ਮਾਰ ਦਈਏ
ਕਦੀ ਹੱਸੀਏ ਤੇ ਹਾਵਾਂ ਭਰ ਲਈਏ

ਵਾਜ ਨਿਕਲੇ ਨਾ ਕਿਸੇ ਹੋਰ ਪਾਸੇ
ਗੱਲਾਂ ਕਿਸੇ ਨੂੰ ਵੀ ਕਰਨ ਦੇਵੀਏ ਨਾ

ਪਾ ਕੇ ਬੇੜੀਆਂ ਵਕਤ ਖਲ੍ਹਾਰ ਲਈਏ
ਵਧਣ ਦੇਵੀਏ ਨਾ ਮੁੜਨ ਦੇਵੀਏ ਨਾ

ਤੰਗ ਹੋ ਕੇ ਰਾਤ ਜੇ ਜਾਣ ਲੱਗੇ
ਹੋਰ ਇੱਕ ਰਾਤ ਉਹਦੇ ਅੱਗੇ ਧਰ ਲਈਏ

ਆਜਾ ਪਿਆਰਿਆ ਆ ਮਰੇ ਕੋਲ਼ ਬਹਿ ਜਾ
ਅੱਜ ਜੀ ਭਰ ਕੇ ਗੱਲਾਂ ਕਰ ਲਈਏ

ਏਸ ਜਿੰਦੜੀ ਦੇ ਕੱਖ ਕੰਡਿਆਂ ਤੋਂ
ਜੋ ਕੁਝ ਲੱਭ ਸਕੇ ਝੋਲ਼ੀ ਭਰ ਲਈਏ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )