ਕੀ ਹੋਇਆ ਜੇ ਮੰਜ਼ਿਲ ਆ ਗਈ

ਕੀ ਹੋਇਆ ਜੇ ਮੰਜ਼ਿਲ ਆ ਗਈ
ਤੁਸੀ ਕਿਉਂ ਆਣ ਖਲੋ ਗਏ
ਰਾਹੀਆਂ ਦੀ ਤੇ ਰੀਤ ਏ ਇਹੋ
ਰਾਹਵਾਂ ਤੋਂ ਕੀ ਡਰਨਾ
ਇਹ ਉਨ੍ਹਾਂ ਦੇ ਗ਼ਮ ਤੇ ਖ਼ੁਸ਼ੀਆਂ
ਇਹੋ ਜੀਉਂਣਾ ਮਰਨਾ
ਮੰਜ਼ਿਲ ਆਵੇ ਯਾ ਨਾ ਆਵੇ
ਹਰਦਮ ਪੈਂਡੇ ਕਰਨਾ
ਤੁਸੀ ਕਿਉਂ ਆਣ ਖਲੋ ਗਏ

ਕਾਲੇ ਘੁੱਪ ਹਨੇਰਿਆਂ ਦੇ ਵਿਚ
ਅੱਗ ਤੇ ਖ਼ੂਨ ਤੇ ਤੂਫ਼ਾਨ ਦੇ
ਘੁੰਮਣ ਘੇਰ ਚੁਫੇਰੇ ਵਿਚ
ਗ਼ੋਤੇ ਖਾਦੇ ਤੇ ਲੰਘ ਆਏ
ਹੁਣ ਕਿਉਂ ਆਣ ਖਲੋ ਗਏ

ਹਿੰਮਤ ਵਾਲੇ ਰੁਕ ਨਹੀਂ ਸਕਦੇ
ਅੱਗੇ ਕਦਮ ਵਧਾਓ
ਏਸ ਖਲੋਤੀ ਹੋਈ ਮੰਜ਼ਿਲ ਨੂੰ
ਆਪਣੇ ਨਾਲ਼ ਚਲਾਓ
ਮੰਜ਼ਿਲ ਨਾਲ਼ ਟੁਰਦੀ ਨਾ ਸਹੀ
ਤੁਸੀਂ ਤੇ ਮੁੜਦੇ ਜਾਓ
ਤੁਸੀਂ ਕਿਉਂ ਆਣ ਖਲੋ ਗਏ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )