ਖੇਤਾਂ ਦੇ ਵਿਚ ਖੇਤ ਦੀ ਰਾਣੀ
ਨਾਜ਼ ਕਰੇਂਦੀ ਮਸਤ ਜਵਾਨੀ

ਕੱਲੀ ਹੱਥ ਵਿਚ ਦਾਤਰੀ ਲੈ ਕੇ
ਪੈਲਾਂ ਪਾਵੇ ਗਾਣਾ ਗਾਵੇ
ਇੱਕ ਪਲ ਠਹਿਰੇ ਤੇ ਟੁਰ ਜਾਵੇ

ਡਾਢੀ ਪੱਕੀ ਅਪਣੀ ਹਟ ਦੀ
ਕੱਲੀ ਖੇਤਾਂ ਨੂੰ ਪਈ ਕੱਟਦੀ
ਉਹਦੇ ਮਿਠੜੇ ਬੋਲ ਪਿਆਰੇ
ਵਿਚ ਹਵਾਵਾਂ ਲੈਣ ਹੁਲਾਰੇ

ਅੱਜ ਤੋੜੀ ਵਿਚ ਜੰਗਲ਼ ਬੇਲੇ
ਦੂਰ ਦੁਰਾਡੀਆਂ ਥਾਂਵਾਂ ਦੇ ਵਿਚ
ਸੁੰਜੀਆਂ ਸੁੰਜੀਆਂ ਰਾਹਵਾਂ ਦੇ ਵਿਚ

ਪੈਂਡਾ ਕਰਦੇ ਥੱਕੇ ਟੁੱਟੇ
ਰਾਹੀਆਂ ਨੂੰ ਪਰਚਾਣ ਦੀ ਖ਼ਾਤਿਰ

ਪਰਦੇਸੀ ਵਹਿਸ਼ੀ ਪੰਛੀ ਨੇਂ
ਏਨੇ ਸੁੰਦਰ ਗੀਤ ਨਹੀਂ ਗਾਏ
ਇਹ ਸੰਦੇਸੇ ਨਈਂ ਸੁਣਾਏ

ਬਾਗ਼ ਬਰਸਾਤ ਬਹਾਰਾਂ ਦੇ ਵਿਚ
ਨਿੰਮੀਆਂ ਨਰਮ ਫੁਹਾਰਾਂ ਦੇ ਵਿਚ
ਅੰਬਾਂ ਦੀ ਟਹਿਣੀ ਤੇ ਬੈਠੀ
ਦੁੱਖਾਂ ਮਾਰੀ ਕੋਇਲ ਕੋਲੋਂ
ਏਸ ਜਹਾਂ ਦੇ ਵਿਚ ਕਿਸੇ ਦੀ
ਏਨੀ ਸੋਹਣੀ ਕੂਕ ਸੁਣੀ ਨਈਂ
ਦਰਦ ਗ਼ਮਾਂ ਦੀ ਹੂਕ ਸੁਣੀ ਨਈਂ

ਰੱਬ ਜਾਣੇ ਇਹ ਕੀ ਗੱਲ ਕਰਦੀ
ਸ਼ਾਇਦ ਇਹਦੇ ਬੋਲ ਸੁਹਾਣੇ
ਕੋਈ ਦੁੱਖੜੇ ਹੈਨ ਪੁਰਾਣੇ
ਯਾਦ ਆਈਆਂ ਸੌ ਬੀਤੀਆਂ ਯਾਦਾਂ
ਜਾਗ ਪਈਆਂ ਸੁੱਤੀਆਂ ਫ਼ਰਿਆਦਾਂ
ਯਾਂ ਇਹ ਗੀਤ ਅੱਜ ਕੱਲ੍ਹ ਦੇ ਗਾਵੇ
ਦੁਨੀਆ ਦੇ ਦੁੱਖ ਦਰਦ ਸੁਣਾਵੇ
ਦੁੱਖ ਜਿਹੜੇ ਪਲ ਵਿਚ ਟੁਰ ਜਾਵਣ
ਟੁਰ ਜਾਵਣ ਤੇ ਫਿਰ ਮੁੜ ਆਉਣ

ਪਰ ਜੋ ਵੀ ਇਹ ਖੇਤ ਦੀ ਰਾਣੀ
ਬਾਤ ਕਹਵੇ ਯਾ ਕਹਵੇ ਕਹਾਣੀ
ਬੈਨ ਕਰੇ ਯਾ ਗਾਣਾ ਗਾਵੇ
ਇਹ ਗਲ ਮੁੱਕਦੀ ਨਜ਼ਰ ਨਾ ਆਵੇ

ਇਸ ਨੂੰ ਡਿੱਠਿਆਂ ਮੁੱਦਤ ਹੋਈ
ਭੁੱਲ ਗਿਆ ਸਭ ਕੁਝ ਪਰ ਅੱਜ ਤੋੜੀ
ਇਹ ਆਵਾਜ਼ ਕੰਨਾਂ ਵਿਚ ਰੜਕੇ
ਜਦ ਭੀ ਯਾਦ ਪਵੇ ਦਿਲ ਧੜੱਕੇ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )