ਐਂਵੇਂ ਨਾ ਯਾਰੋ ਘਬਰਾਓ

ਐਂਵੇਂ ਨਾ ਯਾਰੋ ਘਬਰਾਓ
ਜੋ ਕੁਝ ਹੁੰਦਾ ਏ ਵੇਖਦੇ ਜਾਓ

ਕੱਖ ਵੀ ਹੁਣ ਸੌਗ਼ਾਤ ਚਮਨ ਦੀ
ਲੱਭ ਜਾਵਣ ਤੇ ਝੋਲ਼ੀ ਪਾਓ

ਹੰਝੂ ਵਗਦੇ ਈ ਰਹਿੰਦੇ ਨੇਂ
ਤੁਸੀ ਨਾ ਵੇਖ ਕੇ ਦਿੱਲ ਤੇ ਲਾਓ

ਜਿੰਦੜੀ ਦਾ ਪੈਂਡਾ ਏ ਲੰਮਾ
ਚਾਰ ਕਦਮ ਤੇ ਸਾਥ ਨਿਭਾਓ

ਗ਼ੈਰਾਂ ਦੇ ਅੱਗੇ ਕਿਆ ਝੁਕਣਾ
ਆਪਣੇ ਅੱਗੇ ਸੀਸ ਨਿਵਾਉ

ਸਾਰੀ ਦੁਨੀਆ ਤੱਕ ਛੱਡੀ ਜੇ
ਸਾਡੇ ਨਾਲ਼ ਵੀ ਅੱਖ ਮਿਲਾਓ

ਰਾਤ ਹਨੇਰੀ, ਸੁੰਜੀ ਸੁੰਜੀ
ਦੇ ਦਿਲ ਦਾਗ਼ਾਂ ਨਾਲ਼ ਸੁਝਾਓ

ਕੋਈ ਭੀ ਵੇਲ਼ਾ ਖੁੰਝ ਨਾ ਜਾਵੇ
ਸੁਬ੍ਹਾ ਨਹੀਂ ਤੇ ਸ਼ਾਮ ਮਨਾਓ

ਦਿਲ ਰੋਏ ਤੇ ਵਾਂਗ ਤਬੱਸੁਮ
ਹੱਸਦੇ ਜਾਓ ਤੇ ਹੱਸਦੇ ਜਾਓ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )