ਸਾਡੇ ਇਸ਼ਕ ਦੇ ਚਮਕਦੇ ਲੇਖਾਂ ਤੇ

ਸਾਡੇ ਇਸ਼ਕ ਦੇ ਚਮਕਦੇ ਲੇਖਾਂ ਤੇ, ਡਾਢੇ ਗ਼ਮਾਂ ਦੀਆਂ ਸਿਆਹੀਆਂ ਢਲ ਗਈਆਂ
ਜਿਹੜੇ ਹੁਸਨ ਤੇਰੇ ਚਮਕਾਈਆਂ ਸਨ, ਉਹ ਚਾਨਣੀਆਂ ਰਾਤਾਂ ਰੁਲ਼ ਗਈਆਂ

ਏਸ ਇਸ਼ਕ ਨਿਮਾਣੇ ਦੇ ਧਾਗੇ ਦੀਆਂ ਕੁਝ ਐਡ ਅਵਲੜੀਆਂ ਗੁੰਝਲਾਂ ਸਨ
ਕੁਝ ਖੋਲਦੇ ਖੋਲਦੇ ਹੋਰ ਪਈਆਂ, ਕੁਝ ਪੈਂਦੀਆਂ ਪੈਂਦੀਆਂ ਖੁੱਲ੍ਹ ਗਈਆਂ

ਗੱਲਾਂ ਮਿੱਠੀਆਂ ਮਿੱਠੀਆਂ ਪਿਆਰ ਦੀਆਂ, ਜਿਹੜੀਆਂ ਦੋਹਾਂ ਨੇ ਬੈਠ ਕੇ ਕੀਤੀਆਂ ਸਨ
ਜਿਹੜੀਆਂ ਨਾਲ਼ ਅਸਾਡੜੇ ਬੀਤੀਆਂ ਸਨ, ਸਾਨੂੰ ਯਾਦ ਰਹੀਆਂ ਤੁਹਾਨੂੰ ਭੁੱਲ ਗਈਆਂ

ਕੁਝ ਐਸੀਆਂ ਵੀ ਕਰਮਾਂ ਵਾਲੀਆਂ ਸਨ, ਭੁੱਲ ਭੁੱਲ ਕੇ ਤੇਰੇ ਦਰ ਜਾ ਲੱਗੀਆਂ
ਕੁੱਝ ਐਸੀਆਂ ਬਖ਼ਤ ਨਿੰਮਾਣਆਂ ਸਨ, ਰਾਹ ਚਲਦੇ ਚਲਦੇ ਭੁੱਲ ਗਈਆਂ

ਸਾਥੋਂ ਤੇਰੀ ਮੁਹੱਬਤ ਦੀਆਂ ਯਾਦਾਂ ਨੂੰ, ਏਸ ਜੱਗ ਦਿਆਂ ਦੁੱਖੜਿਆਂ ਖੋਹ ਲੀਤਾ
ਇਹ ਯਾਦਾਂ ਕਿਡੀਆਂ ਨਿਅਮੱਤਾਂ ਸਨ, ਕਿਹੜੇ ਮੁਲ ਆਈਆਂ ਕਿਹੜੇ ਮੁਲ ਗਈਆਂ

ਕਿਆ ਦੁੱਖੜੇ ਫੋਲਣਾ ਏਂ ਸੱਜਣਾ ਵੇ, ਕਦਮ ਰੱਖ ਕੇ ਇਸ਼ਕ ਮੈਦਾਨ ਦੇ ਵਿਚ
ਤੂੰ ਇੱਕ ਜਵਾਨੀ ਨੂੰ ਰੋਵਣਾ ਏਂ, ਏਥੇ ਕਈ ਜਵਾਨੀਆਂ ਰੁਲ਼ ਗਈਆਂ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )