ਮਿਹਨਤ ਜਾਗੀ, ਹਿੰਮਤ ਜਾਗੀ
ਮਜ਼ਦੂਰਾਂ ਦੀ ਕਿਸਮਤ ਜਾਗੀ
ਜਾਗ ਪਿਆ ਮਜ਼ਦੂਰ

ਜਿੰਦੜੀ ਦੇ ਚਾਨਣ ਤੋਂ ਭੁੱਲੀਆਂ
ਸਦੀਆਂ ਵਿਚ ਹਨੇਰੇ ਰੁਲੀਆਂ
ਮਿਹਨਤ ਦੀਆਂ ਅੱਖੀਆਂ ਖੁੱਲੀਆਂ
ਜਾਗ ਪਿਆ ਮਜ਼ਦੂਰ

ਜਾਣੇ ਕਿਤਨੇ ਫ਼ਰਹਾਦਾਂ ਨੇਂ
ਕੋਹਸਾਰਾਂ ਦੇ ਸੀਨੇ ਚੀਰੇ
ਇੱਕ ਕਰ ਛੱਡੇ ਖ਼ੂਨ ਪਸੀਨੇ

ਪੱਥਰਾਂ ਦੀ ਰਗ ਰਗ ਦੇ ਵਿਚੋਂ
ਖ਼ਾਲਸ ਦੁੱਧ ਦੀ ਨਹਿਰ ਵਗਾਈ
ਫੇਰ ਵੀ ਮਿਹਨਤ ਕੰਮ ਨਾ ਆਈ
ਤੇਸ਼ੇ ਮਾਰ ਕੇ ਜਾਣ ਮੁਕਾਈ
ਜਾਣੇ ਕਿੰਨੇ ਬਖ਼ਤ ਨਿਮਾਣੇ
ਐਂਵੇਂ ਮਿਹਨਤ ਹੱਥੋਂ ਮੁੱਕੇ
ਕਿੰਨੇ ਪਸੀਨੇ ਆਏ ਤੇ ਸੁੱਕੇ
ਮਿਹਨਤ ਦੇ ਪਰ ਦਾਮ ਨਾ ਚੁੱਕੇ
ਮਿਹਨਤਕਸ਼ ਮਜ਼ਦੂਰ ਬਿਚਾਰਾ
ਹੱਕ ਮੰਗਣ ਤੋਂ ਵੀ ਸ਼ਰਮਾਇਆ
ਪਰ ਕਿਸੇ ਨੇ ਤਰਸ ਨਾ ਖਾਇਆ
ਏਸ ਗੱਲ ਦਾ ਵੀ ਮੁਲ ਨਾ ਪਾਇਆ
ਮਿਹਨਤਕਸ਼ ਮਜ਼ਦੂਰ
ਕਿੰਨਾ ਸੀ ਮਜਬੂਰ

ਇੱਕੋ ਜਿਹੀ ਜਾਨ ਹੈ ਸਭ ਦੀ
ਅਪਣੀ ਅਪਣੀ ਸ਼ਾਨ ਹੈ ਸਭ ਦੀ
ਜੀਣੇ ਦਾ ਅਰਮਾਨ ਹੈ ਸਭ ਨੂੰ
ਖ਼ੁਸ਼ੀਆਂ ਦੀ ਪਹਿਚਾਣ ਹੈ ਸਭ ਨੂੰ

ਇਨਸਾਨਾਂ ਦੀਆਂ, ਲੋੜਾਂ ਇੱਕੋ
ਘਾਟੇ ਵਾਧੇ ਤੋੜੇ ਇੱਕੋ
ਇੱਕੋ ਜਿਹੇ ਨੇ ਸਭ ਇਨਸਾਨ
ਇਹੋ ਅੱਲ੍ਹਾ ਦਾ ਫ਼ਰਮਾਨ
ਇਹੋ ਕੁਦਰਤ ਦਾ ਮਨਸ਼ੂਰ

ਕਿਉਂ ਨਾ ਜਾਗ ਪਵੇ ਮਜ਼ਦੂਰ
ਆਪਣਾ ਹੱਕ ਲਵੇ ਮਜ਼ਦੂਰ
ਆਖ਼ਿਰ ਏਸ ਦੀ ਕਿਸਮਤ ਜਾਗੀ
ਮਿਹਨਤ ਜਾਗੀ, ਹਿੰਮਤ ਜਾਗੀ
ਜਾਗ ਪਿਆ ਮਜ਼ਦੂਰ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )