ਬੇਦਰਦਾਂ ਦੇ ਦਿਲ ਦੇ ਉੱਤੇ ਆਹ ਦੀ ਕੀ ਤਾਸੀਰ

ਬੇਦਰਦਾਂ ਦੇ ਦਿਲ ਦੇ ਉੱਤੇ ਆਹ ਦੀ ਕੀ ਤਾਸੀਰ
ਇਕ ਹਵਾ ਦਾ ਬੁੱਲਾ ਖਿੱਚੇ ਪਾਣੀ ਵਿਚ ਲਕੀਰ

ਇਕ ਪਲ ਬੈਠੇ ਹਾਵਾਂ ਭਰੇ ਇੱਕ ਪਲ ਵਗਦੇ ਨੀਰ
ਇਸ਼ਕ ਨਿੰਮਾਣਾ ਰੋਗ ਅਵੱਲੜਾ ਸਾਡੀ ਕੀ ਤਕਸੀਰ

ਪਲ ਪਲ ਅੰਦਰ ਹੁਸਨ ਵਖਾਵੇ ਵੱਖਰਾ ਵੱਖਰਾ ਰੰਗ
ਨਜ਼ਰ ਨਜ਼ਰ ਵਿਚ ਖਿੱਚਦੀ ਜਾਵੇ ਨਵੀਂ ਨਵੀਂ ਤਸਵੀਰ

ਨੀਵੀਆਂ ਨਜ਼ਰਾਂ ਵਾਲੇ ਪਾਉਂਦੇ ਦੂਰ ਦੁਰਾਡੇ ਝਾਤ
ਹੱਥ ਜਿਹਨਾਂ ਦੇ ਨਰਮ ਕਮਾਨਾਂ, ਸਖ਼ਤ ਚਲਾਉਂਦੇ ਤੀਰ

ਹਿਜਰ ਵਿਛੋੜਿਆਂ ਤੋਂ ਵੀ ਡਾਢਾ, ਵਸਲਾਂ ਦਾ ਜੰਜਾਲ਼
ਖ਼ਵਾਬੋਂ ਤੋਂ ਵੀ ਵੱਧ ਘਨੇਰੀ, ਖ਼ਵਾਬੋਂ ਦੀ ਤਾਬੀਰ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )