ਮਿੰਨਤਾਂ ਕਰਦੀਆਂ ਤਰਲੇ ਲੈਂਦੀਆਂ, ਹੌਕੇ ਭਰਦੀਆਂ ਅੱਖਾਂ

ਮਿੰਨਤਾਂ ਕਰਦੀਆਂ ਤਰਲੇ ਲੈਂਦੀਆਂ, ਹੌਕੇ ਭਰਦੀਆਂ ਅੱਖਾਂ
ਤੇਰੀ ਦੀਦ ਦੀ ਖ਼ਾਤਿਰ ਸੱਜਣਾ, ਕੀਹ ਕੁਝ ਕਰਦੀਆਂ ਅੱਖਾਂ

ਕਦੀ ਦਿਲਾਂ ਦੇ ਰਾਜ਼ ਛੁਪਾਵਣ, ਪਲਕਾਂ ਤੋਂ ਵੀ ਉਹਲੇ
ਕਦੀ ਮੁਹੱਬਤ ਦੇ ਵਿਚ ਆ ਕੇ, ਗੱਲਾਂ ਕਰਦੀਆਂ ਅੱਖਾਂ

ਰਾਹ ਦਿਲਾਂ ਦੇ ਦੂਰ ਦੁਰਾਡੇ, ਨਜ਼ਰਾਂ ਤੋਂ ਨਹੀਂ ਮੁੱਕਦੇ
ਦਿਲ ਦਿਲਾਂ ਵਿਚ ਆਪੇ ਝਕਦੇ, ਐਵੇਂ ਡਰਦੀਆਂ ਅੱਖਾਂ

ਉਹ ਮਤਵਾਲੀਆਂ ਮਸਤ ਨਿਗਾਹਵਾਂ, ਫ਼ਿਰ ਨਜ਼ਰ ਨਹੀਂ ਆਈਆਂ
ਅਸਾਂ ਤਬੱਸੁਮ ਤੱਕ ਛੱਡੀਆਂ ਨੇਂ, ਦੁਨੀਆ ਭਰ ਦੀਆਂ ਅੱਖਾਂ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )