ਮੰਨ ਦੇ ਅੰਦਰ ਢਕ ਕੇ ਰੱਖੀਏ, ਪਿਆਰ ਨਜ਼ਰ ਦੀਆਂ ਗੱਲਾਂ

ਮੰਨ ਦੇ ਅੰਦਰ ਢਕ ਕੇ ਰੱਖੀਏ, ਪਿਆਰ ਨਜ਼ਰ ਦੀਆਂ ਗੱਲਾਂ
ਹਰ ਇੱਕ ਨਾਲ਼ ਨਹੀਂ ਕਰਦੇ ਫਿਰਦੇ ਲੋਕੀ ਘਰ ਦੀਆਂ ਗੱਲਾਂ

ਅੱਥਰੂ ਅੱਖਾਂ ਦੇ ਵਿਚ ਤੋੜੇ, ਸੀਨੇ ਵਿਚ ਫ਼ਰਿਆਦਾਂ
ਨਜ਼ਰਾਂ ਨੂੰ ਕੋਈ ਕਿਵੇਂ ਰੋਕੇ, ਨਜ਼ਰਾਂ ਕਰਦੀਆਂ ਗੱਲਾਂ

ਜ਼ਾਹਰ ਚੁੱਪ ਚੁਪੀਤੇ ਰਹਿੰਦੇ, ਲਬ ਨਾ ਮੂਲ ਹਲਾਂਦੇ
ਅੱਖਾਂ ਦੇ ਨਾਲ਼ ਕਰ ਛੱਡੀਆਂ ਨੇਂ, ਦੁਨੀਆ ਭਰ ਦੀਆਂ ਗੱਲਾਂ

ਵਿਚ ਹਵਾ ਅੱਧ ਖਿਲੀਆਂ ਕਲੀਆਂ, ਜਿਵੇਂ ਲੈਣ ਹੁਲਾਰੇ
ਸਹਿਮੀਆਂ ਸਹਿਮੀਆਂ ਬੁੱਲ੍ਹੀਆਂ ਉਤੇ ਡਰਦੀਆਂ ਡਰਦੀਆਂ ਗੱਲਾਂ

ਉਹ ਨਜ਼ਰਾਂ ਕੀ ਜਾਨਣ ਸੂਫ਼ੀ, ਰਾਜ਼ ਅਸਾਡੇ ਦਿਲ ਦਾ
ਜਿਹੜੀਆਂ ਨਜ਼ਰਾਂ ਸਮਝ ਨਾ ਸਕੀਆਂ, ਜ਼ਾਹਰ ਨਜ਼ਰ ਦੀਆਂ ਗੱਲਾਂ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )