ਪੀੜਾਂ ਸਹਿਣ ਦੇ ਆਦੀ ਹੋ ਗਏ

ਪੀੜਾਂ ਸਹਿਣ ਦੇ ਆਦੀ ਹੋ ਗਏ
ਤਾਂ ਚੁੱਪ ਰਹਿਣ ਦੇ ਆਦੀ ਹੋ ਗਏ

ਪਹਿਲਾਂ ਜਿਭ ਨੂੰ ਜੰਦਰੇ ਵਜੇ
ਸਿਰ ਫ਼ਿਰ ਲਹਿਣ ਦੇ ਆਦੀ ਹੋ ਗਏ

ਜਦ ਵੀ ਆਪਣੀ ਜ਼ਾਤ ਪਛਾਣੀ
ਭੁੰਜੇ ਬਹਿਣ ਦੇ ਆਦੀ ਹੋ ਗਏ

ਠੰਢੀਆਂ ਮੱਠੀਆਂ ਨਜ਼ਰਾਂ ਅੱਗੇ
ਦੀਦੇ ਢੈਣ ਦੇ ਆਦੀ ਹੋ ਗਏ

ਤੂੰ ਕਹਿ ਦਿੱਤਾ ਤਾਹਿਰਾ ਕਮਲੀ
ਲੋਕੀਂ ਕਹਿਣ ਦੇ ਆਦੀ ਹੋ ਗਏ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 44 ( ਹਵਾਲਾ ਵੇਖੋ )